ਮਦਨ ਭਾਰਦਵਾਜ, ਜਲੰਧਰ : ਵੀਰਵਾਰ 28 ਅਕਤੂਬਰ ਨੂੰ ਨਗਰ ਨਿਗਮ ਹਾਊਸ ਦੀ ਹੋਣ ਵਾਲੀ ਮੀਟਿੰਗ ਦੀ ਤਿਆਰੀ ਲਈ ਮੇਅਰ ਵੱਲੋਂ ਬੁਲਾਈ ਗਈ ਪ੍ਰਰੀ-ਮੀਟਿੰਗ 'ਚ ਉਸ ਸਮੇਂ ਕੌਂਸਲਰ ਆਪਸ 'ਚ ਉਲਝ ਗਏ, ਜਦੋਂ ਸੀਵਰੇਜ ਦੀ ਸਫ਼ਾਈ ਨੂੰ ਲੈ ਕੇ ਸੁਪਰ ਸਕਸ਼ਨ ਮਸ਼ੀਨ ਨੂੰ ਇਕ ਜਾਂ ਦੋ ਵਾਰਡਾਂ 'ਚ ਨਹੀਂ, ਸਗੋਂ ਸਾਰੇ ਵਾਰਡਾਂ ਦੇ ਸੀਵਰ ਦੀ ਸਫ਼ਾਈ ਲਈ ਲਾਉਣ ਦਾ ਮੁੱਦਾ ਉਠਾਇਆ ਗਿਆ। ਇਸ ਮਸਲੇ ਨੂੰ ਲੈ ਕੇ ਜਦੋਂ ਕੌਂਸਲਰ ਪਵਨ ਕੁਮਾਰ ਏਜੰਡਾ ਪੜ੍ਹ ਰਿਹਾ ਸੀ ਤਾਂ ਕੌਂਸਲਰ ਬਲਬੀਰ ਅੰਗੁਰਾਲ ਨੇ ਇਤਰਾਜ ਕੀਤਾ ਤੇ ਕਿਹਾ ਕਿ ਉਨ੍ਹਾਂ ਨੇ ਹੀ ਆਪਣੇ ਵਾਰਡ 'ਚ ਸੁਪਰ ਸਕਸ਼ਨ ਮਸ਼ੀਨ ਦਾ ਕੰਮ ਸਬੰਧੀ ਮਤਾ ਪੁਆਇਆ ਹੈ ਤਾਂ ਇਸ 'ਤੇ ਪਵਨ ਤੇ ਬਲਬੀਰ ਅੰਗੁਰਾਲ ਵਿਚਕਾਰ ਕਾਫੀ ਬਹਿਸ ਹੋ ਗਈ। ਇਸ ਬਹਿਸ ਨੂੰ ਮੇਅਰ ਨੇ ਖ਼ਤਮ ਕਰਵਾਇਆ ਹੀ ਸੀ ਕਿ ਕੌਂਸਲਰਾਂ ਨੇ ਸਟਰੀਟ ਲਾਈਟ ਦਾ ਮੁੱਦਾ ਉਠਾਇਆ ਅਤੇ ਸ਼ਹਿਰ 'ਚ ਲੱਗ ਰਹੀਆਂ ਐੱਲਈਡੀ ਸਟਰੀਟ ਲਾਈਟਾਂ ਦੇ ਕੰਮ 'ਤੇ ਇਤਰਾਜ਼ ਉਠਾਇਆ। ਉਨ੍ਹਾਂ ਕਿਹਾ ਕਿ ਸਟਰੀਟ ਲਾਈਟ ਠੇਕੇਦਾਰ ਨਾ ਤਾਂ ਡਾਰਕ ਪੁਆਇੰਟ ਦੇਖਦਾ ਹੈ ਅਤੇ ਨਾ ਹੀ ਉਨ੍ਹਾਂ ਦੀ ਕਿਸੇ ਗੱਲ ਦੀ ਸੁਣਵਾਈ ਕਰਦਾ ਹੈ। ਮੀਟਿੰਗ 'ਚ ਸਟਰੀਟ ਲਾਈਟ ਐਡਹਾਕ ਕਮੇਟੀ ਦੀ ਚੇਅਰਪਰਸਨ ਮਨਦੀਪ ਕੌਰ ਮੁਲਤਾਨੀ ਤੇ ਉਨ੍ਹਾਂ ਦੇ ਪਤੀ ਨੇ ਵੀ ਇਤਰਾਜ ਪ੍ਰਗਟਾਇਆ। ਮੀਟਿੰਗ 'ਚ ਮੌਜੂਦ ਕੌਂਸਲਰਾਂ ਨੇ ਵੀ ਸਟਰੀਟ ਲਾਈਟ ਦੇ ਕੰਮ 'ਤੇ ਸਵਾਲ ਉਠਾਏ। ਉਨ੍ਹਾਂ ਨੇ ਮੇਅਰ ਕੋਲੋਂ ਸਟਰੀਟ ਲਾਈਟ ਦੇ ਠੇਕੇਦਾਰ ਨਾਲ ਗੱਲਬਾਤ ਕਰ ਕੇ ਕੌਂਸਲਰਾਂ ਦੇ ਇਤਰਾਜ ਦੂਰ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਮੀਟਿੰਗ 'ਚ ਕੂੜਾ ਢੋਹਣ ਵਾਲੀ ਟਰੈਕਟਰ ਟਰਾਲੀ ਦੇ ਠੇਕੇ 'ਚ 6 ਮਹੀਨੇ ਦਾ ਵਾਧਾ ਕਰਨ 'ਤੇ ਵੀ ਇਤਰਾਜ ਪ੍ਰਗਟਾਇਆ ਗਿਆ ਅਤੇ ਕਿਹਾ ਕਿ ਉਸ ਦੇ ਜਿਹੜੇ ਠੇਕੇ ਦੀ ਰਕਮ 'ਚ 25 ਫੀਸਦੀ ਇਨਹਾਂਸਮੈਂਟ ਕੀਤੀ ਗਈ ਹੈ, ਉਸ 'ਤੇ ਰੋਕ ਲਾਈ ਜਾਵੇ। ਕੌਂਸਲਰਾਂ ਦਾ ਦੋਸ਼ ਸੀ ਕਿ ਟਰਾਲੀ ਕਿੱਥੋਂ ਕੂੜਾ ਚੁੱਕਦੀ ਹੈ, ਉਨ੍ਹਾਂ ਨੂੰ ਕੋਈ ਪਤਾ ਨਹੀਂ ਹੈ। ਪਹਿਲਾਂ ਟਰਾਲੀ ਦਾ ਠੇਕਾ ਹਲਕਾ ਵਾਈਜ਼ ਸੀ, ਹੁਣ ਚਾਰਾਂ ਵਿਧਾਨ ਸਭਾ ਹਲਕਿਆਂ ਦਾ ਠੇਕਾ ਇਕੱਠਾ ਕਰ ਦੇਣ 'ਤੇ ਕੌਂਸਲਰਾਂ ਨੇ ਇਤਰਾਜ ਕੀਤਾ। ਹੁਣ ਦੇਖਣਾ ਇਹ ਹੈ ਕਿ ਕੱਲ੍ਹ ਦੀ ਮੀਟਿੰਗ 'ਚ ਕਿਹੜੇ ਮੁੱਦੇ ਉੁਠਾਏ ਜਾਂਦੇ ਹਨ ਤੇ ਕਿਹੜੇ ਪਾਸ ਹੁੰਦੇ ਹਨ।