ਪੰਜਾਬੀ ਜਾਗਰਣ ਪ੍ਰਤੀਨਿਧ,ਜਲੰਧਰ : ਅਧਿਕਾਰੀਆਂ ਦੀ ਗ਼ੈਰ ਹਾਜ਼ਰੀ ਕਾਰਨ ਮੇਅਰ ਜਗਦੀਸ਼ ਰਾਜਾ ਨੂੰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਚੌਥੀ ਵਾਰ ਮੁਲਤਵੀ ਕਰਨੀ ਪਈ ਤੇ ਹੁਣ ਪੰਜਵੀਂ ਵਾਰ 12 ਅਗਸਤ ਨੂੰ ਸਾਮ 4 ਵਜੇ ਹੋਵੇਗੀ। ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਬਾਰੇ ਸਾਰੇ ਅਧਿਕਾਰੀਆਂ ਨੂੰ ਸੂਚਨਾ ਸੀ ਪਰ ਇਸ ਦੇ ਬਾਵਜੂਦ ਅਧਿਕਾਰੀ ਮੀਟਿੰਗ 'ਚ ਨਹੀਂ ਪੁੱਜੇ, ਜਿਸ ਕਾਰਨ ਮੇਅਰ ਤੇ ਕਮੇਟੀ ਦੇ ਮੈਂਬਰਾਂ ਨੇ ਨਾਰਾਜ਼ਗੀ ਪਰਗਟ ਕੀਤੀ। ਮੀਟਿੰਗ 'ਚ 405 ਟਿਊਬਵੈਲਾਂ ਦੇ ਆਪੇ੍ਸ਼ਨ ਐਂਡ ਮੇਨਟੇਨੈਂਸ ਦਾ ਟੈਂਡਰ ਮਨਜੂਰ ਹੋ ਸਕਦਾ ਹੈ। ਵੀਰਵਾਰ ਸਾਮ ਨੂੰ ਜਦੋਂ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਸ਼ੁਰੂ ਕੀਤੀ ਤਾਂ ਅਫਸਰਾਂ ਦੀ ਗਿਣਤੀ ਘੱਟ ਮਿਲੀ ਨੂੰ ਦੇਖਦੇ ਹੀ ਮੈਂਬਰ ਗੁਰਵਿੰਦਰ ਸਿੰਘ ਬੰਟੀ ਨੀਲਕੰਠ ਨੇ ਇਤਰਾਜ਼ ਕੀਤਾ । ਇਸ 'ਤੇ ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਰੱਖੜੀ ਦੇ ਕਾਰਨ ਸਟਾਫ ਘੱਟ ਆਇਆ ਹੈ। ਇਸ ਲਈ ਮੀਟਿੰਗ 12 ਅਗਸਤ ਤਕ ਮੁਲਤਵੀ ਕੀਤੀ ਗਈ ਹੈ। ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਦਾ ਏਜੰਡਾ 5 ਅਗਸਤ ਨੂੰ ਜਾਰੀ ਕੀਤਾ ਗਿਆ ਸੀ ਤੇ 8 ਅਗਸਤ ਨੂੰ ਸਵੇਰੇ 11 ਵਜੇ ਮੀਟਿੰਗ ਬੁਲਾਈ ਗਈ ਸੀ, ਪਰ 6 ਅਗਸਤ ਨੂੰ ਸੁਨੇਹਾ ਆਇਆ ਕਿ ਮੀਟਿੰਗ ਹੁਣ ਮੀਟਿੰਗ 10 ਅਗਸਤ ਨੂੰ ਹੋਵੇਗੀ ਤੇ ਫਿਰ 10 ਅਗਸਤ ਨੂੰ ਮੁੜ ਸੁਨੇਹਾ ਆਇਆ ਕਿ ਮੀਟਿੰਗ 11 ਅਗਸਤ ਨੂੰ ਸਵੇਰੇ 11 ਵਜੇ ਹੋਵੇਗੀ ਫਿਰ ਮੀਟਿੰਗ ਦਾ ਸਮਾਂ ਬਦਲ ਕੇ 3 ਵਜੇ ਕਰ ਦਿੱਤਾ ਗਿਆ। ਜਦੋਂ 3 ਵਜੇ ਮੀਟਿੰਗ ਸ਼ੁਰੂ ਹੋਈ ਤਾਂ ਅਧਿਕਾਰੀਆਂ ਦੀ ਗਿਣਤੀ ਘੱਟ ਸੀ ਜਿਸ ਕਾਰਨ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਅਤੇ ਹੁਣ 12 ਅਗਸਤ ਨੂੰ ਸ਼ਾਮ 4 ਵਜੇ ਮੀਟਿੰਗ ਹੋਵੇਗੀ। ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਦੀ ਵਿਸ਼ੇਸ਼ਤਾ ਇਹ ਹੈ ਕਿ ਸ਼ਹਿਰ 'ਚ 405 ਟਿਊਬਵੈਲਾਂ ਦਾ ਠੇਕਾ ਖਤਮ ਹੋ ਗਿਆ ਹੈ ਅਤੇ ਨਵਾਂ ਠੇਕਾ ਦੇਣਾ ਹੈ ਤੇ ਠੇਕਾ ਨਾ ਹੋਣ 'ਤੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ।

ਏਜੰਡੇ ਅਨੁਸਾਰ ਨਿਗਮ ਦੇ ਜ਼ੋਨ ਨੰਬਰ 2 'ਚ 108, ਜ਼ੋਨ ਨੰਬਰ 3 'ਚ 94, ਜ਼ੋਨ ਨੰਬਰ 4 'ਚ 74, ਜ਼ੋਨ 6 'ਚ 73 ਅਤੇ ਜ਼ੋਨ 7 ਵਿਚ 56 ਟਿਊਬਵੈਲ ਹਨ। ਜ਼ੋਨ 7 'ਚ ਠੇਕੇਦਾਰ ਦੋ ਵਾਰ ਕੰਮ ਬੰਦ ਕਰ ਚੁੱਕਾ ਹੈ ਜਿਸ ਕਾਰਨ ਲੋਕਾਂ ਨੂੰ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਹੈ।