ਮਦਨ ਭਾਰਦਵਾਜ, ਜਲੰਧਰ

ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਸਾਲਿਡ ਵੇਸਟ ਮੈਨੇਜਮੈਂਟ ਵੱਲੋਂ 16 ਜਨਵਰੀ ਤੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿਚ ਵੱਖ-ਵੱਖ ਵਿੱਦਿਅਕ ਅਦਾਰਿਆਂ ਅਤੇ ਪ੍ਰਬੰਧਕਾਂ ਨਾਲ ਨਿਗਮ ਕਮਿਸ਼ਨਰ ਵੱਲੋਂ ਮੀਟਿੰਗ ਕੀਤੀ ਗਈ। ਇਸ ਮੌਕੇ ਨਿਗਮ ਕਮਿਸ਼ਨਰ ਤੋਂ ਇਲਾਵਾ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ, ਹੈਲਥ ਅਫਸਰ ਡਾ: ਸ਼੍ਰੀਕ੍ਰਿਸ਼ਨ ਸ਼ਰਮਾ, ਮੇਅਰ ਦੇ ਓਐੱਸਡੀ ਹਰਪ੍ਰਰੀਤ ਸਿੰਘ ਵਾਲੀਆ ਅਤੇ ਰਮਨਪ੍ਰਰੀਤ ਕੌਰ ਸ਼ਾਮਲ ਹੋਏ। ਇਸ ਮੌਕੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ, ਜਿਹੜੀ ਕਿ 16 ਜਨਵਰੀ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਅੱਜ ਦੀ ਮੀਟਿੰਗ ਵਿਚ ਐੱਚਐੱਮਵੀ ਕਾਲਜ, ਲਾਇਲਪੁਰ ਖਾਲਸਾ ਕਾਲਜ, ਜੀਐੱਨਏ ਯੂਨੀਵਰਸਿਟੀ, ਏਪੀਜੇ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਆਦਿ ਦੇ ਸਟਾਫ ਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਨਿਗਮ ਕਮਿਸ਼ਨਰ ਨੇ ਸਫ਼ਾਈ ਦੀ ਮੁਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ, ਜਿਸ ਵਿਚ ਵਿਦਿਆਰਥੀ ਨਿਰਧਾਰਿਤ ਕੀਤੇ ਗਏ ਅਸਥਾਨਾਂ ਦੀ ਸਫ਼ਾਈ ਨੂੰ ਯਕੀਨੀ ਬਣਾਉਂਦੇ ਹੋਏ ਸੜਕਾਂ ਦੇ ਕਿਨਾਰਿਆਂ, ਫੁੱਟਪਾਥਾਂ, ਡਿਵਾਈਡਰਾਂ ਦੀ ਸਫ਼ਾਈ ਨੂੰ ਕਾਇਮ ਰੱਖਣ ਲਈ ਇਲਾਕੇ ਦੇ ਲੋਕਾਂ ਨੂੰ ਜ਼ਿੰਮੇਦਾਰੀ ਉਠਾਉਣ ਲਈ ਪ੍ਰਰੇਰਿਤ ਕਰਨਗੇ। ਇਸ ਮੁਹਿੰਮ ਦੇ ਪਹਿਲੇ ਪੜਾਅ 'ਚ ਲਗਪਗ 500 ਵਿਦਿਆਰਥੀ ਹਿੱਸਾ ਲੈਣਗੇ ਅਤੇ ਅਗਲੇ ਪੜਾਅ 'ਚ ਕੁਝ ਹੋਰ ਵਿੱਦਿਅਕ ਅਦਾਰੇ ਅਤੇ ਵਿਦਿਆਰਥੀ ਹਿੱਸਾ ਲੈਣਗੇ। ਇਸ ਮੌਕੇ ਸ਼ਹਿਰੀਆਂ ਨੂੰ ਸੈਗਰੀਗੇਸ਼ਨ ਲਈ ਵੱਖ-ਵੱਖ ਕੂੜਾਦਾਨ ਲਾਉਣ ਲਈ ਲੋਕਾਂ ਨੂੰ ਉਤਸਾਹਿਤ ਕੀਤਾ ਜਾਵੇਗਾ, ਜਦੋਂਕਿ ਸ਼ਹਿਰ ਨੂੰ ਪੋਲੀਥੀਨ ਮੁਕਤ ਕਰਵਾਉਣ ਲਈ ਚਲਾਈ ਮੁਹਿੰਮ ਦੀ ਵੀ ਜਾਣਕਾਰੀ ਦਿੱਤੀ ਜਾਵੇਗੀ।