ਲਵਦੀਪ ਬੈਂਸ, ਪਤਾਰਾ/ਜਲੰਧਰ ਕੈਂਟ : ਨਗਰ ਨਿਗਮ ਦੀ ਟੀਮ ਨੇ ਅੱਜ ਸਵੇਰੇ ਤੜਕੇ ਰਾਮਾ ਮੰਡੀ-ਹੁਸ਼ਿਆਰਪੁਰ ਰੋਡ 'ਤੇ ਪੈਂਦੇ ਇੰਪੀਰੀਅਲ ਮੈਨੋਰ ਦੇ ਪਿੱਛੇ 6 ਏਕੜ 'ਚ ਕੱਟੀ ਗਈ ਨਾਜਾਇਜ਼ ਕਾਲੋਨੀ ਅਤੇ ਿਢੱਲਵਾਂ ਚੌਕ ਨਜ਼ਦੀਕ ਪੈਂਦੇ ਅਮਰ ਪੈਲੇਸ ਦੇ ਪਿੱਛੇ ਉਸਾਰੀਆਂ ਜਾ ਰਹੀਆਂ 2 ਨਾਜਾਇਜ਼ ਕਮਰਸ਼ੀਅਲ ਇਮਾਰਤਾਂ 'ਤੇ ਨਿਗਮ ਦਾ ਪੀਲਾ ਪੰਜਾ ਚਲਾਉਂਦਿਆਂ ਨਾਜਾਇਜ਼ ਇਮਾਰਤਾਂ ਢਹਿ ਢੇਰੀ ਕਰ ਦਿੱਤੀਆਂ। ਇਸ ਕਾਰਵਾਈ ਦਾ ਸਾਬਕਾ ਕੌਂਸਲਰ ਬਲਬੀਰ ਸਿੰਘ ਬਿੱਟੂ ਵੱਲੋਂ ਵਿਰੋਧ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਜਿਹੀਆਂ ਸੈਂਕੜੇ ਨਾਜਾਇਜ਼ ਕਾਲੋਨੀਆਂ ਬਾਰੇ ਨਿਗਮ ਪੱਧਰ 'ਤੇ 1800 ਤੋਂ ਵੱਧ ਸ਼ਿਕਾਇਤਾਂ ਪੈਡਿੰਗ ਹਨ, ਜਿਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ। ਇਸ ਲਈ ਸ਼ਿਕਾਇਤਕਰਤਾ ਨਿਗਮ ਕਮਿਸ਼ਨਰ ਦੀ ਕਾਰਜਪ੍ਰਣਾਲੀ ਤੋਂ ਨਾਰਾਜ਼ ਹਨ ਅਤੇ ਲੋਕਲ ਬਾਡੀਜ਼ ਵਿਭਾਗ ਦੇ ਵਿਭਾਗ ਅਤੇ ਮੁੱਖ ਮੰਤਰੀ ਦਫ਼ਤਰ ਨੂੰ ਸ਼ਿਕਾਇਤਾਂ ਭੇਜ ਰਹੇ ਹਨ। ਜਾਣਕਾਰੀ ਅਨੁਸਾਰ ਇੰਪੀਰੀਅਲ ਮੈਨੋਰ ਨਜ਼ਦੀਕ ਕਾਲੋਨਾਈਜ਼ਰਾਂ ਵੱਲੋਂ ਇੱਥੇ ਪਲਾਟ ਵੇਚਣ ਲਈ ਗਾਹਕਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾ ਰਹੇ ਸਨ ਕਿ ਇਹ ਕਾਲੋਨੀ ਪੰਜਾਬ ਸਰਕਾਰ ਤੋਂ ਮਨਜ਼ੂਰਸ਼ੁਦਾ ਹੈ ਅਤੇ ਇਸ ਕਾਲੋਨੀ 'ਤੇ ਕੋਈ ਵੀ ਨਿਗਮ ਅਧਿਕਾਰੀ ਕਾਰਵਾਈ ਨਹੀਂ ਕਰੇਗਾ। ਇਹ ਵੀ ਪਤਾ ਲੱਗਾ ਹੈ ਕਿ ਇਸ ਕਾਲੋਨੀ ਵਿਚ 50 ਤੋਂ ਵੱਧ ਪਲਾਟ ਪ੍ਰਰਾਪਰਟੀ ਡੀਲਰ ਨੇ ਨੂੰ ਬੁੱਕ ਕਰਵਾਏ ਸਨ ਪਰ ਹੁਣ ਨਿਗਮ ਪੱਧਰ 'ਤੇ ਕਾਲੋਨਾਈਜ਼ਰਾਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਦਾ ਪਰਦਾਫਾਸ਼ ਕਰਦਿਆਂ ਸੀਐੱਮ ਮਾਨ ਨੇ ਅਜਿਹੀਆਂ ਸਾਰੀਆਂ ਨਾਜਾਇਜ਼ ਕਾਲੋਨੀਆਂ 'ਤੇ ਟੋਏ ਪੁੱਟਣ ਦੇ ਸਖ਼ਤ ਹੁਕਮ ਜਾਰੀ ਕਰ ਦਿੱਤੇ ਹਨ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਨਾਜਾਇਜ਼ ਕਾਲੋਨੀ ਵਿਚ ਨਾਜਾਇਜ਼ ਉਸਾਰੀ ਕੀਤੀ ਗਈ ਹੈ, ਉਸ ਦੇ ਮਾਲਕਾਂ ਵੱਲੋਂ ਕਾਲੋਨੀ ਨੂੰ ਨਾਜਾਇਜ਼ ਤੌਰ 'ਤੇ ਕੱਟ ਕੇ ਕਰੀਬ ਇਕ ਕਰੋੜ ਰੁਪਏ ਦੀ ਸੀਐੱਲਯੂ ਫੀਸ ਚੋਰੀ ਕੀਤੀ ਗਈ ਹੈ। ਜ਼ਮੀਨ ਦੀ ਵਰਤੋਂ ( ਚੇਂਜ ਲੈਂਡ ਯੂਜ਼ ) ਬਦਲੇ ਬਿਨਾਂ ਹੀ ਪਲਾਟ ਵੇਚੇ ਜਾ ਰਹੇ ਸਨ।
=--------
ਅਮਰ ਪੈਲੇਸ ਿਢੱਲਵਾਂ ਰੋਡ 'ਤੇ ਵੀ ਦੋ ਕਮਰਸ਼ੀਅਲ ਇਮਾਰਤਾਂ ਢਾਹੀਆਂ
ਨਗਰ ਨਿਗਮ ਦੀ ਟੀਮ ਨੇ ਸਵੇਰੇ ਦੋ ਥਾਵਾਂ 'ਤੇ ਕਾਰਵਾਈ ਕੀਤੀ। ਬਿਲਡਿੰਗ ਬ੍ਾਂਚ ਦੀ ਟੀਮ ਨੇ ਅਮਰ ਪੈਲੇਸ ਨੇੜੇ ਬਣ ਰਹੀਆਂ ਦੋ ਕਮਰਸ਼ੀਅਲ ਇਮਾਰਤਾਂ 'ਤੇ ਕਾਰਵਾਈ ਕੀਤੀ ਹੈ। ਜਾਣਕਾਰੀ ਮੁਤਾਬਕ ਪਿਛਲੀ ਕਾਂਗਰਸ ਸਰਕਾਰ ਸਮੇਂ ਇਹ ਕਾਲੋਨੀ ਕਿਸੇ ਕਾਂਗਰਸੀ ਆਗੂ ਦੇ ਉਕਸਾਉਣ 'ਤੇ ਕੱਟੀ ਗਈ ਸੀ। ਕਾਰਪੋਰੇਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਨਾਜਾਇਜ਼ ਵਪਾਰਕ ਇਮਾਰਤਾਂ ਦੇ ਮਾਲਕਾਂ ਨੂੰ ਨੋਟਿਸ ਵੀ ਜਾਰੀ ਕੀਤੇ ਸਨ ਅਤੇ ਦੋਵਾਂ ਇਮਾਰਤਾਂ ਲਈ ਨਿਗਮ ਦੀ ਮਨਜ਼ੂਰੀ ਅਤੇ ਸੀਐੱਲਯੂ ਨਾਲ ਸਬੰਧਤ ਦਸਤਾਵੇਜ਼ ਮੰਗੇ ਗਏ ਸਨ ਪਰ ਇਨ੍ਹਾਂ ਇਮਾਰਤਾਂ ਦੇ ਬਿਲਡਰਾਂ ਨੇ ਨਾ ਤਾਂ ਨਿਗਮ ਨੂੰ ਕੋਈ ਦਸਤਾਵੇਜ਼ ਦਿਖਾਏ ਅਤੇ ਨਾ ਹੀ ਉਸਾਰੀ ਦਾ ਕੰਮ ਰੋਕਿਆ। ਇਸ 'ਤੇ ਕਾਰਵਾਈ ਕਰਦਿਆਂ ਨਿਗਮ ਟੀਮ ਵੱਲੋਂ ਉਸਾਰੀਆਂ ਢਾਹ ਦਿੱਤੀਆਂ ਗਈਆਂ।
----------
ਸਾਬਕਾ ਕੌਂਸਲਰ ਬਲਬੀਰ ਸਿੰਘ ਬਿੱਟੂ ਨੇ ਕੀਤਾ ਵਿਰੋਧ
ਿਢੱਲਵਾਂ ਰੋਡ 'ਤੇ ਅਮਰ ਪੈਲੇਸ ਨਜ਼ਦੀਕ ਕਾਰਵਾਈ ਕਰਨ ਪਹੁੰਚੀ ਨਿਗਮ ਟੀਮ ਨੂੰ ਲੋਕਾਂ ਦੇ ਨਾਲ ਨਾਲ ਸਾਬਕਾ ਕੌਂਸਲਰ ਬਲਬੀਰ ਬਿੱਟੂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ । ਮੌਕੇ 'ਤੇ ਨਿਗਮ ਟੀਮ ਅਫਸਰ ਏਟੀਪੀ ਸੁਖਦੇਵ ਸਿੰਘ ਅਤੇ ਬਲਬੀਰ ਬਿੱਟੂ ਵਿਚਕਾਰ ਚੰਗੀ ਗਰਮਾ ਗਰਮੀ ਹੋਈ। ਬਲਬੀਰ ਬਿੱਟੂ ਦਾ ਕਹਿਣਾ ਹੈ ਕਿ ਨਿਗਮ ਦੇ ਨੱਕ ਹੇਠ ਪਿਛਲੇ ਪੰਜ ਸਾਲ ਤੋਂ ਇਹ ਕਾਲੋਨੀ ਉਸਾਰੀ ਜਾ ਰਹੀ ਹੈ ਅਤੇ ਅੱਜ ਸਰਕਾਰ ਤੋਂ ਫਟਕਾਰ ਪੈਣ ਪਿੱਛੋਂ ਭੱਜੇ ਫਿਰਦੇ ਨਿਗਮ ਅਧਿਕਾਰੀਆਂ ਨੂੰ ਪੂਰੀ ਕਾਲੋਨੀ 'ਚ ਮਹਿਜ਼ ਦੋ ਹੀ ਇਮਾਰਤਾਂ ਦਿਖਾਈ ਦਿੱਤੀਆਂ। ਉਨ੍ਹਾਂ ਦੋਸ਼ ਲਾਇਆ ਕਿ ਨਿਗਮ ਅਧਿਕਾਰੀਆਂ ਨੂੰ ਆਮ ਲੋਕਾਂ ਦੀ ਮਿਹਨਤ ਨਾਲ ਉਸਾਰੀਆਂ ਗਈਆਂ ਇਮਾਰਤਾਂ 'ਤੇ ਕਾਰਵਾਈ ਕਰਨ ਤੋਂ ਪਹਿਲਾਂ ਕਾਲੋਨੀ ਕੱਟਣ ਵਾਲੇ ਕਾਲੋਨਾਈਜ਼ਰ ਦੇ ਦਫਤਰ 'ਤੇ ਕਾਰਵਾਈ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਉਹ ਆਮ ਲੋਕਾਂ ਦੇ ਪ੍ਰਤੀਨਿਧੀ ਹਨ ਅਤੇ ਜੇਕਰ ਆਮ ਜਨਤਾ ਨਾਲ ਕੋਈ ਵੀ ਨਾਜਾਇਜ਼ ਧੱਕਾ ਕਰੇਗਾ ਤਾਂ ਉਹ ਵਿਰੋਧ ਜ਼ਰੂਰ ਕਰਨਗੇ।