ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੋਰੋਨਾ ਵਾਇਰਸ ਦੇ ਲਗਾਤਾਰ ਘੱਟ ਰਹੇ ਕੇਸਾਂ ਤੇ ਮੌਤ ਦਰ ਦੇ ਮੱਦੇਨਜ਼ਰ ਸਿਹਤ ਵਿਭਾਗ ਦੇ ਪਿ੍ਰੰਸੀਪਲ ਸਕੱਤਰ ਨਾਲ ਹੋਈ ਗੱਲਬਾਤ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਮੈਰੀਟੋਰੀਅਸ ਸਕੂਲ, ਕਪੂਰਥਲਾ ਰੋਡ 'ਚ ਚੱਲ ਰਹੇ ਕੋਵਿਡ ਕੇਅਰ ਸੈਂਟਰ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਇੱਥੇ ਮੌਜੂਦ ਸਾਰੇ 24 ਮਰੀਜ਼ਾਂ ਨੂੰ ਸਿਵਲ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਡੀਸੀ ਘਨਸ਼ਿਆਮ ਥੋਰੀ ਨੇ ਵੀਰਵਾਰ ਸ਼ਾਮ ਸਿਹਤ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਹੋਈ ਬੈਠਕ 'ਚ ਦਿੱਤੀ। ਉਨ੍ਹਾਂ ਮੀਟਿੰਗ 'ਚ ਕੁਝ ਨਿੱਜੀ ਹਸਪਤਾਲਾਂ ਵੱਲੋਂ ਐਮਰਜੈਂਸੀ 'ਚ ਆਉਣ ਵਾਲੇ ਮਰੀਜ਼ਾਂ ਦੇ ਇਲਾਜ 'ਚ ਦੇਰੀ ਦਾ ਗੰਭੀਰ ਨੋਟਿਸ ਲਿਆ।

ਡੀਸੀ ਨੇ ਕਿਹਾ ਕਿ ਕਾਨਟੈਕਟ ਟ੍ਰੇਸਿੰਗ ਤੇ ਟੈਸਟਿੰਗ ਮੁਹਿੰਮ ਤੇਜ਼ ਕਰਨਾ ਸਮੇਂ ਦੀ ਲੋੜ ਹੈ ਕਿਉਂਕਿ ਕਿਸੇ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਉਣ ਵਾਲੇ ਜਿੰਨੇ ਜ਼ਿਆਦਾ ਲੋਕਾਂ ਦੀ ਪਛਾਣ ਕੀਤੀ ਜਾਵੇਗੀ, ਇਸ ਵਾਇਰਸ ਦੇ ਫੈਲਾਅ ਨੂੰ ਰੋਕਣ 'ਚ ਓਨੀ ਹੀ ਮਦਦ ਮਿਲੇਗੀ।

ਇਸ ਮੌਕੇ ਏਡੀਸੀ (ਡੀ) ਵਿਸ਼ੇਸ਼ ਸਾਰੰਗਲ, ਐਸਡੀਐਮ ਰਾਹੁਲ ਸਿੰਧੂ, ਡਾ. ਸੰਜੀਵ ਸ਼ਰਮਾ, ਡਾ. ਜੈਇੰਦਰ ਸਿੰਘ, ਗੌਤਮ ਜੈਨ, ਪੁੱਡਾ ਦੇ ਈ.ਓ. ਨਵਨੀਤ ਕੌਰ ਬਲ, ਜੁਆਇੰਟ ਕਮਿਸ਼ਨਰ ਐਮ ਸੀ ਇਨਾਇਤ ਗੁਪਤਾ, ਸਹਾਇਕ ਸਿਵਲ ਸਰਜਨ ਡਾ. ਗੁਰਮੀਤ ਕੌਰ ਦੁੱਗਲ ਤੇ ਹੋਰ ਮੌਜੂਦ ਸਨ।