ਜੇਐੱਨਐੱਨ, ਜਲੰਧਰ : ਸ਼ਨਿਚਰਵਾਰ ਨੂੰ ਗੜ੍ਹਾ ਰੋਡ 'ਤੇ ਸਥਿਤ ਮੰਨਾਪੁਰਮ ਗੋਲਡ ਲੋਨ ਦੇ ਦਫ਼ਤਰ 'ਚ ਹੋਈ ਲੁੱਟ ਦੇ ਮਾਮਲੇ 'ਚ ਕਮਿਸ਼ਨਰੇਟ ਪੁਲਿਸ ਨੇ ਅੱਧੀ ਦਰਜਨ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਉੱਥੇ ਜਾਂਚ 'ਚ ਇਹ ਖ਼ੁਲਾਸਾ ਵੀ ਹੋਇਆ ਹੈ ਕਿ ਵਾਰਦਾਤ ਨੂੰ ਕਿਸੇ ਭੇਤੀ ਨੇ ਹੀ ਅੰਜਾਮ ਦਿੱਤਾ ਹੈ ਤੇ ਉਸ ਨੇ ਹੀ ਲੁਟੇਰਾ ਟੀਮ ਬਣਾ ਕੇ ਬੁਲਾਈ ਸੀ। ਪੁਲਿਸ ਨੇ ਉਕਤ ਭੇਤੀ ਨੂੰ ਵੀ ਹਿਰਾਸਤ 'ਚ ਲੈ ਲਿਆ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਲੁੱਟ ਦੀ ਵਾਰਦਾਤ ਤੋਂ ਬਾਅਦ ਹੁਣ ਤਕ ਕਰੀਬ 50 ਤੋਂ ਵੱਧ ਸੀਸੀਟੀਵੀ ਕੈਮਰਾ ਫੁਟੇਜ ਦੇਖੇ ਗਏ ਹਨ ਤੇ ਮੁਲਜ਼ਮ ਵਡਾਲਾ ਚੌਕ ਵੱਲੋਂ ਨਕੋਦਰ ਵੱਲ ਜਾਂਦੇ ਨਜ਼ਰ ਆਏ ਹਨ। ਜਲੰਧਰ ਪੁਲਿਸ ਨੇ ਇਸ ਬਾਰੇ 'ਚ ਦਿਹਾਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਤੇ ਦਿਹਾਤ ਪੁਲਿਸ ਨੇ ਆਪਣੇ ਇਲਾਕਿਆਂ 'ਚ ਹਾਈਟੈੱਕ ਨਾਕੇ ਲਗਵਾ ਦਿੱਤੇ ਸਨ। ਉੱਥੇ ਕਮਿਸ਼ਨਰੇਟ ਪੁਲਿਸ ਨੇ ਇਕ ਟੀਮ ਕਪੂਰਥਲਾ ਵੀ ਭੇਜੀ ਹੈ ਤੇ ਉੱਥੇ ਵੀ ਕਿਸੇ ਨੂੰ ਹਿਰਾਸਤ 'ਚ ਲਿਆ ਹੈ। ਹਾਲਾਂਕਿ ਇਸ ਸਬੰਧ 'ਚ ਪੁਲਿਸ ਨੇ ਹਾਲੇ ਤਕ ਕੋਈ ਅਧਿਕਾਰਕ ਖ਼ੁਲਾਸਾ ਨਹੀਂ ਕੀਤਾ ਹੈ ਪਰ ਛੇਤੀ ਹੀ ਪੁਲਿਸ ਇਸ ਮਾਮਲੇ 'ਚ ਸਫਲਤਾ ਦਿਖਾ ਸਕਦੀ ਹੈ।

ਸ਼ਨਿਚਰਵਾਰ ਨੂੰ ਗੜ੍ਹਾ ਰੋਡ 'ਤੇ ਸਥਿਤ ਮੰਨਾਪੁਰਮ ਗੋਲਡ ਲੋਨ ਦੇ ਦਫ਼ਤਰ 'ਚ ਦੁਪਹਿਰ ਕਰੀਬ ਤਿੰਨ ਵਜੇ ਛੇ ਲੁਟੇਰਿਆਂ ਨੇ ਚਾਰ ਕਿੱਲੋ ਸੱਤ ਸੌ ਗ੍ਰਾਮ ਸੋਨਾ ਤੇ 2.35 ਲੱਖ ਦੀ ਨਕਦੀ ਲੁੱਟ ਲਈ ਸੀ। ਲੁਟੇਰੇ 11 ਮਿੰਟ 'ਚ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ ਸਨ। ਹਥਿਆਰਾਂ ਨਾਲ ਲੈਸ ਲੁਟੇਰੇ ਗਾਹਕ ਬਣ ਕੇ ਮੰਨਾਪੁਰਮ ਗੋਲਡ ਲੋਨ ਦੇ ਦਫ਼ਤਰ 'ਚ ਆਏ ਤੇ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ ਸੀ। ਇਸ ਤੋਂ ਬਾਅਦ ਉਹ ਦਫ਼ਤਰ 'ਚ ਰੱਖਿਆ ਸੋਨਾ ਤੇ ਨਕਦੀ ਲੈ ਕੇ ਫ਼ਰਾਰ ਹੋ ਗਏ। ਗਾਹਕ ਬਣ ਕੇ ਆਏ ਲੁਟੇਰੇ ਦਫ਼ਤਰ 'ਚ ਮੁਲਾਜ਼ਮਾਂ ਨਾਲ ਗੱਲ ਕਰਨ ਲੱਗੇ ਤੇ ਕੁਝ ਦੇਰ ਬਾਅਦ ਹੋਰ ਲੁਟੇਰੇ ਵੀ ਆ ਗਏ ਤੇ ਉੱਥੇ ਬੈਠੇ ਲੋਕਾਂ ਨੂੰ ਬੰਧਕ ਬਣਾ ਲਿਆ। ਇਸ ਦੌਰਾਨ ਇਕ ਲੁਟੇਰੇ ਨੇ ਮੁਲਾਜ਼ਮ ਦੇ ਸਿਰ 'ਤੇ ਪਿਸਤੌਲ ਦੀ ਬੱਟ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਸੀ।

ਚਾਰ ਟੀਮਾਂ ਲੱਗੀਆਂ ਮੁਲਜ਼ਮਾਂ ਪਿੱਛੇ

ਪੁਲਿਸ ਨੇ ਜਿਨ੍ਹਾਂ ਲੋਕਾਂ ਨੂੰ ਰਾਊਂਡਅਪ ਕੀਤਾ ਹੈ ਉਨ੍ਹਾਂ ਤੋਂ ਪੁਲਿਸ ਨੂੰ ਕਾਫ਼ੀ ਸਫਲਤਾ ਮਿਲੀ ਹੈ। ਪੁਲਿਸ ਦੀਆਂ ਚਾਰ ਟੀਮਾਂ ਵੱਖ-ਵੱਖ ਥਾਵਾਂ 'ਤੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਲਈ ਭੇਜ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਤੋਂ ਬਾਅਦ ਨਕੋਦਰ ਸਾਈਡ ਵੱਲੋਂ ਨਿਕਲੇ ਲੁਟੇਰੇ ਵੱਖ-ਵੱਖ ਦਿਸ਼ਾ 'ਚ ਫ਼ਰਾਰ ਹੋ ਗਏ ਸਨ। ਪੁਲਿਸ ਨੇ ਸੀਸੀਟੀਵੀ ਦੇ ਆਧਾਰ 'ਤੇ ਸਾਰਿਆਂ ਦੀ ਲੋਕੇਸ਼ਨ ਕਢਵਾਈ ਹੈ ਤੇ ਛੇਤੀ ਹੀ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਕੇ ਜਲੰਧਰ ਲਿਆਂਦਾ ਜਾ ਸਕਦਾ ਹੈ।

ਗਾਹਕਾਂ ਨੂੰ ਮਿਲੇਗਾ ਮੁਆਵਜ਼ਾ

ਮੰਨਾਪੁਰਮ ਫਾਈਨਾਂਸ ਲਿਮਟਿਡ ਕੰਪਨੀ ਨੇ ਇਕ ਪ੍ਰਰੈੱਸ ਨੋਟ ਜਾਰੀ ਕਰ ਕੇ ਕਿਹਾ ਹੈ ਕਿ ਜੋ ਲੁੱਟ ਹੋਈ ਹੈ ਉਸ ਦੀ ਪੂਰੀ ਜਾਣਕਾਰੀ ਲਈ ਗਈ ਹੈ। ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਤੇ ਪੁਲਿਸ ਆਪਣਾ ਕੰਮ ਕਰ ਰਹੀ ਹੈ। ਜਿਨ੍ਹਾਂ ਗਾਹਕਾਂ ਦੀ ਨਕਦੀ ਜਾਂ ਸੋਨਾ ਗਿਆ ਹੈ, ਉਨ੍ਹਾਂ ਨੂੰ ਕੰਪਨੀ ਵੱਲੋਂ ਪੂਰਾ ਮੁਆਵਜ਼ਾ ਮਿਲੇਗਾ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਪੁਲਿਸ ਮਾਮਲੇ ਨੂੰ ਟ੍ਰੇਸ ਕਰ ਕੇ ਸਾਮਾਨ ਬਰਾਮਦ ਕਰਦੀ ਹੈ ਜਾਂ ਨਹੀਂ, ਇਸ ਨਾਲ ਕੋਈ ਫ਼ਰਕ ਨਹੀਂ ਪਵੇਗਾ ਤੇ ਲੋਕਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।