ਜੇਐੱਨਐੱਨ, ਜਲੰਧਰ : ਬਸਤੀ ਸ਼ੇਖ ਦੇ ਤੇਜਮੋਹਨ ਨਗਰ 'ਚ ਮੰਗਲਵਾਰ ਦੇਰ ਰਾਤ ਜ਼ਬਰਦਸਤ ਹੰਗਾਮਾ ਹੋ ਗਿਆ। ਇਲਾਕੇ 'ਚ ਰਹਿਣ ਵਾਲੇ ਇਕ ਵਿਅਕਤੀ ਦੀ ਨੂੰਹ ਨੇ ਚੋਰੀ ਵੀਡੀਓ ਬਣਾ ਲਈ ਜਿਸ 'ਚ ਉਸ ਦਾ ਸਹੁਰਾ ਉਸ ਨਾਲ ਅਸ਼ਲੀਲ ਹਰਕਤ ਕਰ ਰਿਹਾ ਸੀ। ਨੂੰਹ ਨੇ ਇਹ ਵੀਡੀਓ ਆਪਣੇ ਭਰਾਵਾਂ ਨੂੰ ਭੇਜ ਦਿੱਤੀ, ਜਿਸ ਤੋਂ ਬਾਅਦ ਰਾਤ ਨੂੰ ਘਰ ਆਏ ਉਸਦੇ ਭਰਾਵਾਂ ਨੇ ਸਹੁਰੇ ਤੇ ਬਾਕੀ ਪਰਿਵਾਰ ਵਾਲਿਆਂ ਦੀ ਕੁੱਟਮਾਰ ਕੀਤੀ। ਸੂਚਨਾ ਮਿਲਦੇ ਹੀ ਥਾਣਾ ਪੰਜ ਦੀ ਪੁਲਿਸ ਮੌਕੇ 'ਤੇ ਪਹੁੰਚੀ ਪਰ ਦੇਰ ਰਾਤ ਪੁਲਿਸ ਨੂੰ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ ਸੀ।

ਨੂੰਹ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਤੋਂ ਹੀ ਉਸਦੇ ਸਹੁਰਾ ਪਰਿਵਾਰ 'ਚ ਉਸਦੀ ਸੱਸ, ਸਹੁਰਾ, ਜੇਠਾਨੀ ਤੇ ਨਣਾਨਾਂ ਉਸ ਨੂੰ ਤੰਗ ਕਰਦੀਆਂ ਸਨ। ਗੱਲ-ਗੱਲ 'ਤੇ ਉਸ ਨਾਲ ਕੁੱਟਮਾਰ ਕਰਦੇ ਤੇ ਸਰੀਰਕ ਤਸੀਹੇ ਦਿੱਤੇ ਜਾਂਦੇ ਸਨ। ਉਸ ਤੋਂ ਦਾਜ ਮੰਗਿਆ ਜਾਂਦਾ ਸੀ। ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਉਸ ਨੂੰ ਤੰਗ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਉਸਦੇ ਘਰ ਧੀ ਪੈਦਾ ਹੋਈ ਪਰ ਉਸਦੇ ਸਹੁਰਾ ਪਰਿਵਾਰ ਨੇ ਬੇਟੀ ਪੈਦਾ ਹੋਣ 'ਤੇ ਉਸ ਨੂੰ ਤੰਗ ਕਰਨਾ ਤੇ ਤਾਅਨੇ ਦੇਣੇ ਸ਼ੁਰੂ ਕਰ ਦਿੱਤੇ। ਹੱਦ ਉਦੋਂ ਹੋ ਗਈ ਜਦੋਂ ਉਸ ਦਾ ਸਹੁਰਾ ਉਸ 'ਤੇ ਬੁਰੀ ਨਜ਼ਰ ਰੱਖਣ ਲੱਗ ਪਿਆ ਤੇ ਗ਼ਲਤ ਹਰਕਤਾਂ ਕਰਨ ਲੱਗਾ। ਇਸੇ ਤੋਂ ਤੰਗ ਆ ਕੇ ਉਸ ਨੇ ਵੀਡੀਓ ਬਣਾਈ ਤੇ ਆਪਣੇ ਭਰਾਵਾਂ ਨੂੰ ਭੇਜ ਦਿੱਤੀ। ਦੇਰ ਰਾਤ ਤਕ ਹੰਗਾਮਾ ਜਾਰੀ ਸੀ ਤੇ ਦੋਵਾਂ ਧਿਰਾਂ 'ਚ ਰਾਜੀਨਾਮਾ ਕਰਵਾਉਣ ਦਾ ਵੀ ਯਤਨ ਕੀਤਾ ਜਾ ਰਿਹਾ ਸੀ।