ਮਨੀਸ਼ ਸ਼ਰਮਾ, ਜਲੰਧਰ : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦਫ਼ਤਰ 'ਚ ਕਲਰਕ ਲਗਵਾਉਣ ਦੇ ਨਾਂ 'ਤੇ ਜਲੰਧਰ ਦੇ ਕੈਮਰਾ ਵਿਕਰੇਤਾ ਤੋਂ ਇਕ ਵਿਅਕਤੀ ਨੇ 3.80 ਲੱਖ ਰੁਪਏ ਠੱਗ ਲਏ। ਠੱਗੀ ਦਾ ਪਤਾ ਜਦੋਂ ਚੱਲਿਆ ਉਸ ਨੇ ਕੈਮਰਾ ਵਿਕਰੇਤਾ ਉਸ ਪਤੇ 'ਤੇ ਪੁੱਜਿਆ ਤਾਂ ਉਸ ਨੂੰ ਨੌਕਰੀ ਤਾਂ ਦੂਰ, ਦਫ਼ਤਰ ਦੇ ਅੰਦਰ ਵੀ ਨਹੀਂ ਵਡ਼ਨ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਹਿਮਾਚਲ ਦੇ ਊਨਾ ਜ਼ਿਲ੍ਹੇ ਦੇ ਰਹਿਣ ਵਾਲੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਲੰਧਰ ਦੇ ਬਸ਼ੀਰਪੁਰ 'ਚ ਰੇਲਵੇ ਕਾਲੋਨੀ ਦੇ ਰਹਿਣ ਵਾਲੇ ਨਵਦੀਪ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਦਾ ਕੈਮਰੇ ਲਗਾਉਣ ਦਾ ਕਾਰੋਬਾਰ ਹੈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੀ ਤਹਿਸੀਲ ਬੰਗਾਣਾ ਡਾਕਖਾਨਾ ਤਲਮੇਡ਼ਾ ਪਿੰਡ ਡੀਹਰ (ਖਰੋਹ) ਦਾ ਰਹਿਣ ਵਾਲਾ ਮਨੋਜ ਕੁਮਾਰ ਉਨ੍ਹਾਂ ਦੀ ਦੁਕਾਨ 'ਤੇ ਆਇਆ ਤੇ ਕੁਝ ਕੈਮਰੇ ਖਰੀਦ ਕੇ ਲੈ ਗਿਆ। ਬਤੌਰ ਗਾਹਕ ਉਹ ਉਸ ਨਾਲ ਗੱਲਬਾਤ ਕਰਦੇ ਰਹਿੰਦੇ ਸਨ। ਇਸ ਦੌਰਾਨ ਮਨੋਜ ਨੇ ਕਿਹਾ ਕਿ ਉਸ ਦੀ ਹਿਮਾਚਲ ਪ੍ਰਦੇਸ਼ ਸਰਕਾਰ 'ਚ ਚੰਗੀ ਪਹੁੰਚ ਹੈ ਤੇ ਮੁੱਖ ਮੰਤਰੀ ਨਾਲ ਸਿੱਧਾ ਸੰਪਰਕ ਹੈ। ਉਹ ਹਿਮਾਚਲ ਦੇ ਮੁੱਖ ਮੰਤਰੀ ਦੇ ਪੀਐੱਸਓ ਬਲਵੰਤ ਕੁਮਾਰ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਤੇ ਉਸ ਨੂੰ ਗੱਲ ਕਰ ਕੇ ਮੁੱਖ ਮੰਤਰੀ ਦਫ਼ਤਰ, ਸ਼ਿਮਲਾ 'ਚ ਕਲਰਕ ਦੀ ਨੌਕਰੀ ਲਗਵਾ ਦੇਵੇਗਾ। ਇਸ ਦੇ ਲਈ ਚਾਰ ਲੱਖ ਰੁਪਏ ਲੱਗਣਗੇ।

ਇਸ ਤੋਂ ਪਹਿਲਾਂ ਉਸ ਨੇ ਸਤੰਬਰ, 2019 ਦੇ ਦੂਸਰੇ ਹਫ਼ਤੇ 80 ਹਜ਼ਾਰ ਰੁਪਏ ਲੈ ਲਏ। ਫਿਰ ਉਸ ਨੇ ਬਾਕੀ ਪੈਸੇ ਲੈਣ ਲਈ ਆਪਣੇ ਸਾਥੀਆਂ ਦੇ ਅਕਾਊਂਟ ਨੰਬਰ ਦੇ ਦਿੱਤੇ। ਨਵਦੀਪ ਨੇ ਸਾਲ 16 ਸਤੰਬਰ, 2019 'ਚ ਜਸਕਰਨ ਦੇ ਖਾਤੇ 'ਚ 50 ਹਜ਼ਾਰ, 17 ਸਤੰਬਰ ਨੂੰ ਮੁਲਜ਼ਮ ਮਨੋਜ ਕੁਮਾਰ ਦੇ ਖਾਤੇ 'ਚ 79 ਹਜ਼ਾਰ, 20 ਸਤੰਬਰ ਨੂੰ ਵਿਵੇਕ ਦੇ ਖਾਤੇ 'ਚ ਇਕ ਲੱਖ ਰੁਪਏ ਪਾਏ। ਇਸ ਤੋਂ ਬਾਅਦ 21 ਸਤੰਬਰ ਨੂੰ ਮੁਡ਼ ਵਿਵੇਕ ਦੇ ਖਾਤੇ 'ਚ 45 ਹਜ਼ਾਰ ਤੇ ਅਖੀਰ ਵਿਚ 25 ਸਤੰਬਰ ਨੂੰ ਉਸ ਦੇ ਘਰ 26 ਹਜ਼ਾਰ ਰੁਪਏ ਨਕਦ ਦਿੱਤੇ। ਕੁੱਲ 3.80 ਲੱਖ ਰੁਪਏ ਲੈਣ ਤੋਂ ਬਾਅਦ ਮਨੋਜ ਨੇ ਭਰੋਸਾ ਦਿਵਾਇਆ ਕਿ ਉਸ ਦਾ ਕੰਮ ਜਲਦੀ ਹੋ ਜਾਵੇਗਾ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਇਕ ਸਰਕਾਰੀ ਚਿੱਠੀ ਦਿਖਾਈ, ਜਿਹਡ਼ੀ 25 ਅਕਤੂਬਰ 2019 ਦੀ ਸੀ ਤੇ ਹਿਮਾਚਲ ਪ੍ਰਦੇਸ਼ ਸਰਕਾਰ ਅਮਲਾ ਵਿਭਾਗ ਵੱਲੋਂ ਜਾਰੀ ਸੀ। ਉਸ ਨੇ ਉਸ ਨੂੰ ਇਕ ਹਫ਼ਤੇ ਦੇ ਅੰਦਰ ਨੌਕਰੀ ਜੁਆਇੰਨ ਕਰਨ ਲਈ ਕਿਹਾ ਸੀ। ਚਿੱਠੀ 'ਚ ਪੂਰੀ ਪੇ-ਸਕੇਲ ਵੀ ਲਿਖੀ ਹੋਈ ਸੀ।

ਇਸ ਚਿੱਠੀ ਸਬੰਧੀ ਉਹ ਰੋਜ਼ਾਨਾ ਮਨੋਜ ਨੂੰ ਮਿਲਦੇ ਰਹੇ ਪਰ ਉਹ ਹਰ ਰੋਜ਼ ਟਾਲਦਾ ਰਿਹਾ। ਉਹ ਹਿਮਾਚਲ ਪ੍ਰਦੇਸ਼ ਦੇ ਸੀਐੱਮ ਦਫ਼ਤਰ 'ਚ ਉਸ ਨੂੰ ਦਿੱਤੇ ਜੁਆਇਨਿੰਗ ਲੈਟਰ ਦੇ ਪਤੇ 'ਤੇ ਗਾਇਆ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਸ ਨੂੰ ਦਫ਼ਤਰ ਦੇ ਅੰਦਰ ਤਕ ਨਹੀਂ ਜਾਣ ਦਿੱਤਾ ਗਿਆ। ਮਨੋਜ ਨਾਲ ਫੋਨ 'ਤੇ ਗੱਲ ਕਰਨ 'ਤੇ ਉਸ ਨੇ ਭਰੋਸਾ ਦਿਵਾਇਆ ਕਿ ਉਸ ਦਾ ਕੰਮ ਹੋ ਜਾਵੇਗਾ। ਬਾਅਦ ਵਿਚ ਪੈਸੇ ਵਾਪਸ ਮੰਗੇ ਤਾਂ ਮਨੋਜ ਨੇ ਉਨ੍ਹਾਂ ਨੂੰ ਇਕ ਚੈੱਕ ਦਿੱਤਾ। 50 ਹਜ਼ਾਰ ਦਾ ਇਹ ਚੈੱਕ ਹਿਮਾਚਲ ਪ੍ਰਦੇਸ਼ ਦੇ ਤਲਮੇਡ਼ਾ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਦਾ ਸੀ, ਜਿਹਡ਼ਾ ਬਾਊਂਸ ਹੋ ਗਿਆ। ਉਸ ਨੇ ਮੁਡ਼ ਡੇਢ ਲੱਖ ਦਾ ਚੈੱਕ ਦਿੱਤਾ ਤਾਂ ਉਹ ਵੀ ਬਾਊਂਸ ਹੋ ਗਿਆ। ਫਿਰ ਪੈਸੇ ਮੰਗੇ ਤਾਂ ਉਸ ਨੇ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਪੁਲਿਸ ਨੇ ਮੁਲਜ਼ਮ ਮਨੋਜ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਸ ਨੇ ਨਵਦੀਪ ਤੋਂ ਸਾਢੇ ਤਿੰਨ ਲੱਖ ਰੁਪਏ ਲਏ ਹਨ। ਉਸ ਨੇ ਕਿਹਾ ਕਿ ਉਹ 28 ਜਨਵਰੀ, 2020 ਤਕ ਨਵਦੀਪ ਨੂੰ ਇਕ ਲੱਖ ਰੁਪਏ ਵਾਪਸ ਕਰ ਦੇਵੇਗਾ ਤੇ ਬਾਕੀ ਰਕਮ ਵੀ ਤੈਅ ਸਮੇਂ 'ਚ ਮੋਡ਼ ਦੇਵੇਗਾ ਪਰ ਉਸ ਨੇ ਪੈਸੇ ਵਾਪਸ ਨਹੀਂ ਕੀਤੇ। ਇਸ ਮਾਮਲੇ ਦੀ ਜਾਂਚ ਏਡੀਸੀਪੀ ਇਨਵੈਸਟੀਗੇਸ਼ਨ ਨੇ ਕੀਤੀ ਸੀ। ਹੁਣ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਧੋਖਾਧਡ਼ੀ ਦਾ ਕੇਸ ਦਰਜ ਕਰ ਲਿਆ ਹੈ।

Posted By: Seema Anand