ਜਲੰਧਰ : ਰਾਮ ਨਗਰ ਸਥਿਤ ਇਕ ਘਰ 'ਚ ਸ਼ਾਦੀਸ਼ੁਦਾ ਨੌਜਵਾਨ ਦੇ ਵਿਆਹ ਦੀ ਵਰ੍ਹੇਗੰਢ ਮਨਾਉਣ ਦੀਆਂ ਪਰਿਵਾਰਕ ਜੀਆਂ ਵੱਲੋਂ ਚੱਲ ਰਹੀਆਂ ਤਿਆਰੀਆਂ ਨਾਲ ਘਰ 'ਚ ਬਣਿਆ ਖੁਸ਼ੀਆਂ ਦਾ ਮਾਹੌਲ ਮੰਗਲਵਾਰ ਸ਼ਾਮ ਉਸ ਵਕਤ ਮਾਤਮ 'ਚ ਬਦਲ ਗਿਆ, ਜਦੋਂ ਘਰ ਦੀ ਦੂਜੀ ਮੰਜ਼ਿਲ 'ਤੇ ਸਥਿਤ ਬਾਲਕੋਨੀ 'ਤੇ ਆਪਣੇ ਪਾਲਤੂ ਕੁੱਤੇ ਨੂੰ ਬੰਨ੍ਹਣ ਲਈ ਗਏ ਨੌਜਵਾਨ ਦੀ ਅਚਾਨਕ ਬਾਲਕੋਨੀ ਤੋਂ ਪੈਰ ਤਿਲਕ ਕੇ ਹੇਠਾਂ ਗਲੀ 'ਚ ਡਿੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਤਿੰਦਰ ਮਹੇ ਉਰਫ ਸਾਬੀ ਪੁੱਤਰ ਰਮੇਸ਼ ਪਾਲ ਵਜੋਂ ਹੋਈ ਹੈ। ਉਹ ਜਲੰਧਰ 'ਚ ਹੀ ਇਕ ਫੈਕਟਰੀ 'ਚ ਖ਼ਰਾਦ ਦਾ ਮਕੈਨਿਕ ਸੀ ਅਤੇ ਆਪਣੇ ਮਾਤਾ-ਪਿਤਾ ਦੀ ਇਕਲੌਤੀ ਅੌਲਾਦ ਸੀ।

ਮ੍ਰਿਤਕ ਜਤਿੰਦਰ ਦੇ ਪਰਿਵਾਰਕ ਜੀਆਂ ਨੇ ਦੱਸਿਆ ਕਿ ਜਤਿੰਦਰ ਦਾ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਤਿੰਨ ਦਿਨ ਬਾਅਦ ਉਸ ਦੀ ਵਿਆਹ ਦੀ ਵਰ੍ਹੇਗੰਢ ਸੀ। ਘਰ 'ਚ ਇਸ ਨੂੰ ਮਨਾਉਣ ਲਈ ਚੱਲ ਰਹੀਆਂ ਤਿਆਰੀਆਂ ਕਾਰਨ ਖ਼ੁਸ਼ੀਆਂ ਭਰਿਆ ਮਾਹੌਲ ਸੀ। ਜਤਿੰਦਰ ਆਪਣੇ ਖ਼ਾਸ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਆਪਣੇ ਵਿਆਹ ਦੀ ਵਰ੍ਹੇਗੰਢ 'ਤੇ ਘਰ 'ਚ ਪਾਰਟੀ ਦੇਣ ਦੀਆਂ ਤਿਆਰੀਆਂ 'ਚ ਰੁੱਿਝਆ ਹੋਇਆ ਸੀ। ਮੰਗਲਵਾਰ ਸ਼ਾਮ ਜਤਿੰਦਰ ਘਰ 'ਚ ਸੀ। ਸ਼ਾਮ ਕਰੀਬ 6 ਵਜੇ ਜਤਿੰਦਰ ਆਪਣੇ ਘਰੇਲੂ ਕੁੱਤੇ ਨੂੰ ਘਰ ਦੀ ਦੂਜੀ ਮੰਜ਼ਿਲ 'ਤੇ ਸਥਿਤ ਬਾਲਕੋਨੀ 'ਚ ਬੰਨ੍ਹਣ ਲਈ ਗਿਆ। ਉਹ ਕੁੱਤੇ ਨੂੰ ਬਾਲਕੋਨੀ ਨੇੜੇ ਬੰਨ੍ਹ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਤਿਲਕ ਗਿਆ। ਉਹ ਸਿੱਧਾ ਦੂਜੀ ਮੰਜ਼ਿਲ 'ਤੇ ਸਥਿਤ ਬਾਲਕੋਨੀ ਤੋਂ ਹੇਠਾਂ ਗਲੀ 'ਚ ਸਿਰ ਭਾਨੇ ਜਾ ਡਿੱਗਿਆ। ਉਸ ਦਾ ਸਿਰ ਫਟ ਗਿਆ। ਗੰਭੀਰ ਹਾਲਤ 'ਚ ਜਤਿੰਦਰ ਨੂੰ ਟੈਗੋਰ ਹਸਪਤਾਲ 'ਚ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ।

ਥਾਣਾ ਡਵੀਜ਼ਨ-1 ਦੇ ਐੱਸਐੱਚਓ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਦੇਰ ਸ਼ਾਮ ਤਕ ਅਜਿਹੀ ਕੋਈ ਸੂਚਨਾ ਨਹੀਂ ਪੁੱਜੀ ਹੈ। ਮਿ੍ਰਤਕ ਦੇ ਘਰ ਵਾਲਿਆਂ ਨੇ ਪੁਲਿਸ ਨੂੰ ਇਸ ਹਾਦਸੇ ਦੀ ਕੋਈ ਸੂਚਨਾ ਫਿਲਹਾਲ ਨਹੀਂ ਦਿੱਤੀ ਹੈ।