ਕਰਾਈਮ ਰਿਪੋਰਟਰ, ਜਲੰਧਰ : ਲਵ ਮੈਰਿਜ ਦਾ ਪਤਾ ਜਦ ਲੜਕੀ ਦੇ ਪਿਤਾ ਤੇ ਭਰਾ ਨੂੰ ਲੱਗਿਆ ਤਾਂ ਉਨ੍ਹਾਂ ਨੇ ਲੜਕੇ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਨੇ ਫਾਹਾ ਲਾ ਕੇ ਜ਼ਿੰਦਗੀ ਖਤਮ ਕਰ ਲਈ।

ਜਾਣਕਾਰੀ ਅਨੁਸਾਰ ਸਾਹਿਲ ਮਹਿੰਦਰੂ ਵਾਸੀ ਮਹਿੰਦਰੂ ਮੁਹੱਲਾ ਨੇ ਅੱਠ ਮਹੀਨੇ ਪਹਿਲਾਂ ਨਕੋਦਰ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਲਵ ਮੈਰਿਜ ਕੀਤੀ ਸੀ। ਉਕਤ ਵਿਆਹ ਦਾ ਪਤਾ ਲੜਕੀ ਦੀ ਮਾਂ ਤੇ ਲੜਕੇ ਦੀ ਮਾਂ ਨੂੰ ਹੀ ਪਤਾ ਸੀ ਅਤੇ ਦੋਵਾਂ ਦੀ ਮੌਜੂਦਗੀ ਵਿੱਚ ਗੁਰਦੁਆਰਾ ਸਾਹਿਬ ਵਿੱਚ ਦੋਵਾਂ ਦਾ ਵਿਆਹ ਕਰਵਾਇਆ ਗਿਆ ਸੀ। ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਇਸ ਗੱਲ ਦਾ ਪਤਾ ਨਾ ਲੱਗੇ, ਇਸ ਕਾਰਨ ਲੜਕੀ ਕਦੇ-ਕਦੇ ਲੜਕੇ ਦੇ ਘਰ ਆਉਂਦੀ ਜਾਂਦੀ ਸੀ ਪਰ ਕੁਝ ਦਿਨ ਪਹਿਲਾਂ ਲੜਕੀ ਦੇ ਪਿਤਾ ਅਤੇ ਉਸ ਦੇ ਭਰਾ ਨੂੰ ਇਸ ਵਿਆਹ ਦਾ ਪਤਾ ਲੱਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਸਾਹਿਲ ਨੂੰ ਫੋਨ 'ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਸਾਹਿਲ ਪਿਛਲੇ ਕੁਝ ਦਿਨਾਂ ਤੋਂ ਪਰੇਸ਼ਾਨ ਸੀ। ਇਸੇ ਪਰੇਸ਼ਾਨੀ ਕਾਰਨ ਉਸ ਨੇ ਅੱਜ ਆਪਣੇ ਘਰ ਵਿੱਚ ਫਾਹਾ ਲਾ ਕੇ ਜਾਨ ਦੇ ਦਿੱਤੀ। ਘਟਨਾ ਦਾ ਪਤਾ ਉਸ ਵੇਲੇ ਚੱਲਿਆ ਜਦ ਸਾਹਿਲ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਆਇਆ ਤਾਂ ਉਸ ਦੇ ਘਰ ਵਾਲੇ ਉਸ ਦੇ ਕਮਰੇ ਵਿਚ ਗਏ ਤਾਂ ਉਸ ਦੀ ਲਾਸ਼ ਫਾਹੇ 'ਤੇ ਲਟਕ ਰਹੀ ਸੀ। ਘਰ ਵਾਲਿਆਂ ਨੇ ਤੁਰੰਤ ਉਸ ਨੂੰ ਫਾਹੇ ਤੋਂ ਲਾਹਿਆ ਅਤੇ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ। ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਧਾਰਾ 174 ਦੇ ਤਹਿਤ ਕਾਰਵਾਈ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਹੀ ਮਿ੍ਤਕ ਦੇ ਘਰ ਵਾਲਿਆਂ ਦੇ ਬਿਆਨ ਦਰਜ ਕਰਵਾਏ ਜਾਣਗੇ ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।