ਜੇਐੱਨਐੱਨ, ਜਲੰਧਰ : ਥਾਣਾ ਨਵੀਂ ਬਾਰਾਂਦਰੀ ਪੁਲਿਸ ਨੇ ਦੋ ਸਾਲ ਪਹਿਲਾਂ ਸੁਲਤਾਨਪੁਰ ਲੋਧੀ 'ਚ ਪਿਸਤੌਲ ਦੇ ਜ਼ੋਰ 'ਤੇ ਇਨੋਵਾ ਲੁੱਟਣ ਅਤੇ ਫ਼ਰਾਰ ਹੁੰਦੇ ਸਮੇਂ ਦਿਹਾਤੀ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਕਾਬੂ ਕੀਤੇ ਲੁਟੇਰੇ ਖ਼ਿਲਾਫ਼ ਜ਼ਮਾਨਤ ਲਈ ਅਦਾਲਤ ਵਿਚ ਫ਼ਰਜ਼ੀ ਦਸਤਾਵੇਜ਼ ਪੇਸ਼ ਕਰਨ 'ਤੇ ਕੇਸ ਦਰਜ ਕੀਤਾ ਹੈ। ਲੁਟੇਰੇ ਨੇ ਜ਼ਮਾਨਤ ਲਈ ਜਿਨ੍ਹਾਂ ਦੋ ਲੋਕਾਂ ਦੇ ਆਧਾਰ ਕਾਰਡ ਸਮੇਤ ਹੋਰ ਦਸਤਾਵੇਜ਼ ਪੇਸ਼ ਕਰਵਾਏ ਸਨ, ਉਹ ਜਾਂਚ ਵਿਚ ਫ਼ਰਜ਼ੀ ਪਾਏ ਗਏ। ਇਸ 'ਤੇ ਅਦਾਲਤ ਦੇ ਆਦੇਸ਼ 'ਤੇ ਥਾਣਾ ਨਵੀਂ ਬਾਰਾਂਦਰੀ ਪੁਲਿਸ ਨੇ ਨੂੁਰਮਹਿਲ ਦੇ ਪਿੰਡ ਉੱਪਲ ਖਾਲਸਾ ਵਾਸੀ ਪਵਨ ਕੁਮਾਰ ਉਰਫ ਮਟਰ ਅਤੇ ਫ਼ਰਜ਼ੀ ਜ਼ਮਾਨਤ ਦੇਣ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਅਦਾਲਤ ਵੱਲੋਂ ਪੁਲਿਸ ਨੂੰ ਦਿੱਤੇ ਗਏ ਆਦੇਸ਼ ਵਿਚ ਕਿਹਾ ਗਿਆ ਕਿ ਉਕਤ ਮੁਲਜ਼ਮ ਦੀ ਜ਼ਮਾਨਤ ਲਈ ਜਿਨ੍ਹਾਂ ਦਸਤਾਵੇਜ਼ਾਂ ਨੂੰ ਪੇਸ਼ ਕੀਤਾ ਗਿਆ ਸੀ, ਉਨ੍ਹਾਂ ਨੂੰ ਚੈੱਕ ਕਰਦੇ ਹੋਏ ਅੰਮਿ੍ਰਤਸਰ ਦੇ ਗਹਿਰੀ ਮੰਡੀ ਵਾਸੀ ਹਰਦੀਪ ਸਿੰਘ ਨੂੰ ਜਾਂਚ ਵਿਚ ਸ਼ਾਮਲ ਕੀਤਾ ਗਿਆ। ਹਰਦੀਪ ਨੇ ਉਕਤ ਦਸਤਾਵੇਜ਼ਾਂ ਨੂੰ ਦੇਖ ਕੇ ਦੱਸਿਆ ਕਿ ਉਸ ਨੇ ਕਿਸੇ ਦੀ ਜ਼ਮਾਨਤ ਨਹੀਂ ਦਿੱਤੀ ਅਤੇ ਨਾ ਹੀ ਉਨ੍ਹਾਂ ਦਸਤਾਵੇਜ਼ਾਂ ਵਿਚ ਉਸ ਦੇ ਹਸਤਾਖਰ ਹਨ। ਉਥੇ ਜੋ ਆਧਾਰ ਕਾਰਡ ਦਸਤਾਵੇਜ਼ਾਂ ਵਿਚ ਸ਼ਾਮਲ ਸੀ, ਉਹ ਵੀ ਯੂਆਈਡੀ ਵੈਰੀਫਿਕੇਸ਼ਨ ਵਿਚ ਫ਼ਰਜ਼ੀ ਪਾਇਆ ਗਿਆ।

ਯਾਦ ਰਹੇ ਕਿ ਸੱਤ ਸਤੰਬਰ 2017 ਨੂੰ ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਇਲਾਕੇ ਵਿਚ ਨਿਰਮਲ ਸਿੰਘ ਤੋਂ ਪਿਸਤੌਲ ਦੇ ਜ਼ੋਰ 'ਤੇ ਉਸ ਦੀ ਇਨੋਵਾ ਗੱਡੀ ਲੁਟੇਰਿਆਂ ਨੇ ਲੁੱਟ ਲਈ ਸੀ। ਜਲੰਧਰ ਜ਼ੋਨ 'ਚ ਹਾਈ ਅਲਰਟ ਕੀਤਾ ਗਿਆ ਜਿਸ ਤੋਂ ਬਾਅਦ ਜਲੰਧਰ ਦਿਹਾਤ ਦੇ ਥਾਣਾ ਨੂੁਰਮਹਿਲ ਪੁਲਿਸ ਨੇ ਪਿੰਡ ਬਾਠਾਂਵਾਲੀ ਮਾਰਗ 'ਤੇ ਨਾਕੇਬੰਦੀ ਕਰ ਕੇ ਚੈਕਿੰਗ ਸ਼ੁਰੂ ਕੀਤੀ। ਇਸ ਦੌਰਾਨ ਤਿੰਨ ਤੇਜ਼ ਰਫ਼ਤਾਰ ਗੱਡੀਆਂ ਆਉਂਦੀਆਂ ਦਿਖਾਈ ਦਿੱਤੀਆਂ। ਪੁਲਿਸ ਟੀਮ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀਆਂ ਵਿਚ ਸਵਾਰ ਲੁਟੇਰਿਆਂ ਨੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ ਜਦਕਿ ਇਸੇ ਦੌਰਾਨ ਇਕ ਲੁਟੇਰੇ ਦੀ ਇਨੋਵਾ ਗੱਡੀ ਖੇਤਾਂ ਵਿਚ ਜਾ ਧੱਸੀ। ਪੁਲਿਸ ਨੇ ਘੇਰਾਬੰਦੀ ਕਰ ਕੇ ਇਨੋਵਾ ਬਰਾਮਦ ਕਰ ਕੇ ਲੁਟੇਰੇ ਜਿਸ ਦੀ ਪਛਾਣ ਉਕਤ ਮੁਲਜ਼ਮ ਪਵਨ ਕੁਮਾਰ ਉਰਫ ਮਟਰ ਦੇ ਰੂਪ ਵਿਚ ਹੋਈ, ਨੂੰ ਕਾਬੂ ਕਰ ਲਿਆ, ਜਦਕਿ ਦੋ ਹੋਰ ਫ਼ਰਾਰ ਹੋਗਏ।