ਗਿਆਨ ਸੈਦਪੁਰੀ, ਸ਼ਾਹਕੋਟ

ਪੰਜਾਬ ਸਰਕਾਰ ਵੱਲੋਂ ਬੀਤੇ ਸਾਲ ਨਵੰਬਰ ਮਹੀਨੇ ਤੋਂ ਮਲਟੀਪਰਪਜ਼ ਹੈਲਥ ਇੰਪਲਾਈਜ਼ ਦੇ ਬੰਦ ਕੀਤੇ ਗਏ ਭੱਤੇ ਦੁਬਾਰਾ ਚਾਲੂ ਕਰਵਾਉਣ ਲਈ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ, ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ਸਿਵਲ ਸਰਜਨ ਡਾ. ਰਮਨ ਸ਼ਰਮਾ ਨੂੰ ਮੰਗ ਪੱਤਰ ਦਿੱਤਾ ਗਿਆ। ਮੁੱਖ ਮੰਤਰੀ ਦੇ ਨਾਂ ਦਿੱਤੇ ਗਏ ਇਸ ਮੰਗ ਪੱਤਰ ਰਾਹੀਂ ਯੂਨੀਅਨ ਵੱਲੋਂ ਮੰਗ ਕੀਤੀ ਗਈ ਹੈ ਕਿ ਮੁਲਾਜ਼ਮਾਂ ਨੂੰ ਪੇਂਡੂ ਖੇਤਰ ਵਿਚ ਨੌਕਰੀ ਕਰਨ ਲਈ ਮਿਲਦਾ ਪੇਂਡੂ ਆਵਾਸ ਭੱਤਾ ਅਤੇ ਫੀਲਡ ਟ੍ਰੈਵਿਲੰਗ ਭੱਤਾਂ (ਐੱਫਟੀਏ), ਵਰਦੀ ਦੇ ਲਈ ਵਰਦੀ ਧੁਲਾਈ ਭੱਤਾ, ਬਾਰਡਰ ਏਰੀਆ ਭੱਤਾ ਮੁੜ ਲਾਗੂ ਕੀਤਾ ਜਾਵੇ। ਇਸ ਤੋਂ ਇਲਾਵਾ ਐੱਚਆਰਏ ਵਿਚ ਕੀਤੀ ਗਈ ਕਟੌਤੀ ਨੂੰ ਖ਼ਤਮ ਕਰਕੇ ਪੁਰਾਣਾ ਐੱਚਆਰਏ ਲਾਗੂ ਕੀਤਾ ਜਾਵੇ।

ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਨਵਾਂ ਪੇ-ਕਮਿਸ਼ਨ ਲਾਗੂ ਕਰਨ ਸਮੇਂ ਸਮੂਹ ਮੁਲਾਜ਼ਮਾਂ ਦੇ ਇਹ ਭੱਤੇ ਬੰਦ ਕਰ ਦਿੱਤੇ ਗਏ ਸਨ, ਜਿਸ ਕਾਰਨ ਮੁਲਾਜ਼ਮਾਂ ਨੂੰ ਪੇ-ਕਮਿਸ਼ਨ ਦਾ ਲਾਭ ਮਿਲਣ ਦੀ ਥਾਂ ਨੁਕਸਾਨ ਹੋਇਆ ਹੈ। ਇਹ ਭੱਤੇ ਬੀਤੇ ਕਈ ਸਾਲਾਂ ਤੋਂ ਰਿਵਾਈਜ਼ ਨਹੀਂ ਹੋਏ ਸਨ ਅਤੇ ਮੁਲਾਜ਼ਮਾਂ ਵੱਲੋਂ ਮਹਿੰਗਾਈ ਨੂੰ ਦੇਖਦਿਆਂ ਇਹਨਾਂ ਭੱਤਿਆਂ 'ਚ ਵਾਧੇ ਦੀ ਮੰਗ ਕੀਤੀ ਗਈ ਸੀ। ਸਰਕਾਰ ਵੱਲੋਂ ਇਸ ਨੂੰ ਪ੍ਰਵਾਨ ਵੀ ਕਰ ਲਿਆ ਗਿਆ ਸੀ ਪਰੰਤੂ ਫਿਰ ਗੁਪਚੁਪ ਤਰੀਕੇ ਨਾਲ ਇਨ੍ਹਾਂ ਨੂੰ ਖ਼ਤਮ ਕਰ ਦਿੱਤਾ ਗਿਆ, ਜੋ ਕਿ ਸਰਾਸਰ ਨਾਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਇਹ ਭੱਤੇ ਲਾਗੂ ਕਰੇ, ਤਾਂ ਜੋ ਮੁਲਾਜ਼ਮ ਤਨਦੇਹੀ ਨਾਲ ਆਪਣੇ ਕੰਮ ਕਰ ਸਕਣ। ਇਸ ਮੌਕੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਮਨਦੀਪ ਸਿੰਘ, ਜਸਬੀਰ ਸਿੰਘ, ਵਰਕਰ ਵਰਿੰਦਰ ਕੁਮਾਰ ਤੇ ਹੋਰ ਮੌਜੂਦ ਸਨ।