ਮਦਨ ਭਾਰਦਵਾਜ, ਜਲੰਧਰ

ਪੰਜਾਬ ਮੀਡੀਅਮ ਇੰਡਸਟ੍ਰੀਅਲ ਡਿਵੈੱਲਪਮੈਂਟ ਬੋੋਰਡ ਦੇ ਡਾਇਰੈਕਟਰ ਮਲਵਿੰਦਰ ਸਿੰਘ ਲੱਕੀ ਨੇ ਬੀਤੇ ਦਿਨੀ ਨਗਰ ਨਿਗਮ 'ਚ ਕੀਤੇ ਗਏ ਹੰਗਾਮੇ ਤੇ ਮਾਫੀ ਮੰਗੀ ਹੈ ਅਤੇ ਕਿਹਾ ਹੈ ਕਿ ਨਿਗਮ ਅਧਿਕਾਰੀ ਤੇ ਮੁਲਾਜ਼ਮ ਉਨ੍ਹਾਂ ਲਈ ਸਤਿਕਾਰਯੋਗ ਹਨ। ਉਨ੍ਹਾਂ ਕਿਹਾ ਕਿ ਇਨਸਾਨ ਤੋਂ ਕਈ ਵਾਰ ਗਲਤੀਆਂ ਹੋ ਜਾਂਦੀਆਂ ਹਨ ਤੇ ਉਨ੍ਹਾਂ ਕਾਰਨ ਜੇ ਕਿਸੇ ਦੇ ਦਿਲ ਨੂੰ ਠੇਸ ਪੁੱਜੀ ਹੋਵੇ ਤਾਂ ਉਹ ਖਿਮਾ ਦੇ ਯਾਚਕ ਹਨ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਸਾਡੇ ਕੈਂਟ ਹਲਕੇ ਦੇ ਵਿਧਾਇਕ ਹਨ ਤੇ ਉਨ੍ਹਾਂ ਦੇ ਵੱਡੇ ਭਰਾ ਹਨ ਤੇ ਉਨ੍ਹਾਂ ਵਿਚਕਾਰ ਕਿਸੇ ਤਰ੍ਹਾਂ ਦੇ ਮਤਭੇਦ ਨਹੀਂ ਹਨ। ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਲਵਿੰਦਰ ਲੱਕੀ ਨੇ ਕਿਹਾ ਕਿ ਕੈਂਟ ਹਲਕੇ ਦੇ ਵਿਕਾਸ ਲਈ ਅਸੀਂ ਵਿਧਾਇਕ ਦੇ ਦਿਸ਼ਾ ਨਿਰਦੇਸ਼ਾਂ ਤੇ ਹੀ ਕੰਮ ਕਰਾਂਗੇ ਤੇ ਕਾਂਗਰਸ ਪਰੋਟੋਕਾਲ ਤੋਂ ਬਾਹਰ ਹੋ ਕੇ ਕੋਈ ਵੀ ਕੰਮ ਕਰਨਾ ਸਾਡਾ ਮਕਸਦ ਨਹੀਂ ਹੈ। ਉਨ੍ਹਾਂ ਨੇ ਨਗਰ ਨਿਗਮ ਦੇ ਐੱਮਟੀਪੀ ਪਰਮਪਾਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਚੰਗੇ ਅਧਿਕਾਰੀ ਹਨ ਤੇ ਮੇਰੀ ਉਨ੍ਹਾਂ ਨਾਲ ਕੋਈ ਮਤਭੇਦ ਨਹੀਂ ਹਨ। ਇਹ ਵਰਨਣਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਮਲਵਿੰਦਰ ਸਿੰਘ ਲੱਕੀ ਨੇ ਆਪਣੇ ਸਾਥੀਆਂ ਨਾਲ ਜਾ ਕੇ ਨਗਰ ਨਿਗਮ ਵਿਖੇ ਆਪਣੀ ਬਿਲਡਿੰਗ ਨੂੰ ਲੈ ਕੇ ਹੰਗਾਮਾ ਕੀਤਾ ਸੀ ਤੇ ਐੱਮਟੀਪੀ ਪਰਮਪਾਲ ਦਾ ਅਪਮਾਨ ਕੀਤਾ ਸੀ ਜਿਸ ਨੂੰ ਲੈ ਕੇ ਨਗਰ ਨਿਗਮ ਦੀਆਂ ਯੂਨੀਅਨਾਂ ਹਰਕਤ 'ਚ ਆ ਗਈਆਂ ਸਨ ਤੇ ਉਨ੍ਹਾਂ ਨੇ ਲੱਕੀ ਵਿਰੁੱਧ ਐੱਫਆਈਆਰ ਦਰਜ ਕਰਵਾਉਣ ਦੀ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਸੀ।