ਜਤਿੰਦਰ ਪੰਮੀ, ਜਲੰਧਰ : ਦਿੱਲੀ ਅਤੇ ਮਹਾਰਾਸ਼ਟਰ ਤੋਂ ਬਾਅਦ ਜਲੰਧਰ 'ਚ ਵੀ ਮੈਗਨੇਟਿਕ ਮੈਨ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕ ਨਗਰ 'ਚ ਰਹਿਣ ਵਾਲੇ ਵਿਅਕਤੀ ਦੇ ਸਰੀਰ 'ਤੇ ਚੰਮਚ, ਸਿੱਕੇ ਅਤੇ ਪਲੇਟਾਂ ਚਿਪਕਣੀਆਂ ਸ਼ੁਰੂ ਹੋ ਗਈਆਂ। ਇਸ ਅਜੂਬੇ ਨੂੰ ਵੇਖਣ ਲਈ ਉਨ੍ਹਾਂ ਦੇ ਘਰ ਲੋਕਾਂ ਦੀ ਭੀੜ ਲੱਗੀ ਰਹੀ। ਉਨ੍ਹਾਂ ਦਾਅਵਾ ਕੀਤਾ ਕਿ ਵੈਕਸੀਨ ਲੱਗਣ ਤੋਂ ਬਾਅਦ ਅਜਿਹੀ ਤਬਦੀਲੀ ਸਾਹਮਣੇ ਆਈ ਹੈ, ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਵੈਕਸੀਨ ਕਾਰਨ ਸਰੀਰ 'ਚ ਮੈਗਨੇਟਿਕ ਪਾਵਰ ਨਹੀਂ ਆ ਸਕਦੀ।

ਅਮਰੀਕ ਨਗਰ 'ਚ ਰਹਿਣ ਵਾਲੇ ਮਨੋਜ ਸ਼ਰਮਾ ਮੋਨਾ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਉਹ ਟੈਲੀਵਿਜ਼ਨ 'ਤੇ ਖਬਰਾਂ ਵੇਖ ਰਹੇ ਸਨ। ਇਸ ਦੌਰਾਨ ਟੀਵੀ 'ਚ ਵੈਕਸੀਨ ਲੱਗਣ ਤੋਂ ਬਾਅਦ ਸਰੀਰ 'ਤੇ ਭਾਂਡੇ ਚਿਪਕਣ ਦੀਆਂ ਖਬਰਾਂ ਚੱਲ ਰਹੀਆਂ ਸਨ। ਇਸ ਦੌਰਾਨ ਉਨ੍ਹਾਂ ਦੀ ਪਤਨੀ ਵੰਦਨਾ ਸ਼ਰਮਾ ਨੇ ਕਿਹਾ ਕਿ ਤੁਸੀਂ ਵੀ ਵੈਕਸੀਨ ਲਾਈ ਹੈ, ਤੁਹਾਡੇ ਸਰੀਰ 'ਤੇ ਭਾਂਡੇ ਚਿਪਕਦੇ ਹਨ ਜਾਂ ਨਹੀਂ। ਉਨ੍ਹਾਂ ਨੇ ਚੱਮਚ ਅਤੇ ਪਲੇਟ ਸਰੀਰ 'ਤੇ ਲਾਏ ਤਾਂ ਉਹ ਚਿਪਕ ਗਏ। ਇਸ ਤੋਂ ਬਾਅਦ ਸਿੱਕੇ ਵੀ ਚਿਪਕ ਗਏ। ਉਹ ਬਹੁਤ ਹੈਰਾਨ ਹੋਏ। ਇਸ ਤੋਂ ਬਾਅਦ ਪਹਿਲੀ ਮੰਜ਼ਿਲ ਤੋਂ ਆਪਣੇ ਕਮਰੇ ਤੋਂ ਉਤਰ ਕੇ ਥੱਲੇ ਆਏ ਤਾਂ ਵੀ ਸਰੀਰ ਨਾਲ ਚਿਪਕੇ ਹੋਏ ਭਾਂਡੇ ਨਹੀਂ ਡਿੱਗੇ। ਉਨ੍ਹਾਂ ਨੇ ਆਪਣੀ ਮਾਤਾ ਨੂੰ ਉਠਾ ਕੇ ਦਿਖਾਇਆ। ਪਰਿਵਾਰ ਦੇ ਸਾਰੇ ਮੈਂਬਰ ਇਹ ਦੇਖ ਕੇ ਹੈਰਾਨ ਰਹਿ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਆਪਣੇ ਪਰਿਵਰ ਦੇ ਬਾਕੀ ਮੈਂਬਰਾਂ, ਜਿਨ੍ਹਾਂ ਦੇ ਵੀ ਵੈਕਸੀਨ ਲੱਗ ਚੁੱਕੀ ਸੀ, ਦੇ ਸਰੀਰ 'ਤੇ ਭਾਂਡੇ ਲਾ ਕੇ ਵੇਖੇ ਤਾਂ ਉਹ ਨਹੀਂ ਚਿਪਕੇ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ 'ਚ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਤਾਂ ਉਹ ਵੀ ਸਾਰੇ ਹੈਰਾਨ ਰਹਿ ਗਏ। ਉਨ੍ਹਾਂ 'ਚੋਂ ਵੀ ਕਿਸੇ ਦੇ ਸਰੀਰ 'ਤੇ ਭਾਂਡੇ ਜਾਂ ਸਿੱਕੇ ਨਹੀਂ ਚਿਪਕੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਟੀਵੀ 'ਚ ਸੁਣਿਆ ਸੀ ਕਿ ਵੈਕਸੀਨ ਕਾਰਨ ਅਜਿਹਾ ਨਹੀਂ ਹੁੰਦਾ ਸਗੋਂ ਸਰੀਰ 'ਚ ਕਿਸੇ ਚੀਜ਼ ਦੀ ਮਾਤਰਾ ਵੱਧਣ ਨਾਲ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ। ਸੋਮਵਾਰ ਨੂੰ ਪੂਰਾ ਦਿਨ ਉਨ੍ਹਾਂ ਦੇ ਘਰ ਇਹ ਨਜ਼ਾਰਾ ਵੇਖਣ ਲਈ ਲੋਕਾਂ ਦੀ ਭੀੜ ਲੱਗੀ ਰਹੀ। ਉਨ੍ਹਾਂ ਕਿਹਾ ਕਿ ਉਹ ਕਈ ਸਾਲਾਂ ਤੋਂ ਮੀਡੀਆ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਨੇ ਇਸ ਮਾਮਲੇ 'ਚ ਪੂਰੀ ਛਾਨਬੀਨ ਕੀਤੀ ਪਰ ਇਸ ਦੇ ਪਿੱਛੇ ਕੀ ਕਾਰਨ ਹੈ, ਉਸ ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਨੇ 26 ਮਈ ਨੂੰ ਸਿਵਲ ਹਸਪਤਾਲ ਤੋਂ ਕੋਵਿਸ਼ੀਲਡ ਦੀ ਪਹਿਲੀ ਡੋਜ਼ ਲਗਵਾਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਲਗਵਾਈ।

ਜ਼ਿਲ੍ਹਾ ਟੀਕਾਕਰਨ ਅਫਸਰ ਅਤੇ ਫੋਰੈਂਸਿਕ ਮਾਹਰ ਡਾ. ਰਾਕੇਸ਼ ਚੋਪੜਾ ਦਾ ਕਹਿਣਾ ਹੈ ਕਿ ਵੈਕਸੀਨ ਤੋਂ ਬਾਅਦ ਸਰੀਰ 'ਚ ਮੈਗਨੇਟਿਕ ਸ਼ਕਤੀ ਆਉਣ ਦਾ ਦਾਅਵਾ ਗਲਤ ਹੈ। ਕੋਰੋਨਾ ਵੈਕਸੀਨ ਲੋਕਾਂ ਨੂੰ ਮੈਗਨੇਟਿਕ ਨਹੀਂ ਬਣਾਉਂਦੀ ਅਤੇ ਪੂਰੀ ਤਰਾਂ੍ਹ ਸੁਰੱਖਿਅਤ ਹੈ। ਵਿਅਕਤੀ ਦੇ ਸਰੀਰ 'ਤੇ ਭਾਂਡੇ ਚਿਪਕਣ ਪਿੱਛੇ ਕੀ ਕਾਰਨ ਹੈ, ਇਹ ਜਾਂਚ ਪੜਤਾਲ ਨਾਲ ਹੀ ਪਤਾ ਲੱਗ ਸਕੇਗਾ।