ਜਤਿੰਦਰ ਪੰਮੀ, ਜਲੰਧਰ : ਲੰਪੀ ਸਕਿਨ ਬਿਮਾਰੀ ਪੰਜਾਬ 'ਚ ਤੇਜ਼ੀ ਨਾਲ ਪੈਰ ਪਸਾਰਨ ਲੱਗੀ ਹੈ। ਇਸ ਰੋਗ ਦੀ ਲਪੇਟ 'ਚ ਆਉਣ ਵਾਲੇ ਪਸ਼ੂਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਪਸ਼ੂ ਪਾਲਣ ਵਿਭਾਗ ਰੋਗ ਦੀ ਲਪੇਟ 'ਚ ਆਏ ਪਸ਼ੂਆ ਦੇ ਸੈਂਪਲਾਂ ਦੀ ਰਿਪੋਰਟ ਆਉਣ ਦੀ ਉਡੀਕ ਕਰ ਰਿਹਾ ਹੈ। ਸੂਬੇ ਭਰ 'ਚੋਂ ਸੈਂਪਲ ਜਲੰਧਰ ਸਥਿਤ ਐੱਨਆਰਡੀਡੀਐੱਲ ਲੈਬ 'ਚ ਆਏ ਰਹੇ ਹਨ, ਜਿੱਥੋਂ ਇਹ ਸੈਂਪਲ ਭੋਪਾਲ ਜਾਂਚ ਲਈ ਭੇਜੇ ਜਾ ਰਹੇ ਹਨ। ਸੈਂਪਲਾਂ ਦੀ ਰਿਪੋਰਟ 6 ਤੋਂ 10 ਦਿਨਾਂ ਦੇ ਅੰਦਰ-ਅੰਦਰ ਆ ਰਹੀ ਹੈ।

ਪਸ਼ੂਆਂ ਦੇ ਇਸ ਤੇਜ਼ੀ ਨਾਲ ਵਧ ਰਹੇ ਰੋਗ ਨੂੰ ਲੈ ਕੇ ਪਸ਼ੂ ਪਾਲਕ ਵੀ ਕਾਫੀ ਪਰੇਸ਼ਾਨ ਹਨ। ਪਸ਼ੂਆਂ ਨੂੰ ਰੋਗ ਲੱਗਣ ਨਾਲ ਦੁੱਧ ਦੀ ਘਾਟ ਦਾ ਖ਼ਤਰਾ ਵੀ ਮੰਡਰਾਉਣ ਲੱਗਾ ਹੈ। ਖ਼ਤਰਾ ਟਾਲਣ ਲਈ ਪਸ਼ੂਆਂ ਨੂੰ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਨੇ ਜ਼ਿਲਿ੍ਹਆਂ ਦੇ ਸਮੂਹ ਡਿਪਟੀ ਡਾਇਰੈਕਟਰਾਂ ਨੂੰ ਗੋਟ ਪਾਕਸ ਵੈਕਸੀਨ ਲਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਤੇਲੰਗਾਨਾ ਸਟੇਟ ਵੈਟਰਨਰੀ ਬਾਇਲਾਜੀਕਲ ਐਂਡ ਰਿਸਰਚ ਇੰਸਟੀਚਿਊਟ ਨਾਲ ਗੋਟ ਪਾਕਸ ਵੈਕਸੀਨ 0.6 ਐੱਮਐੱਲ ਪ੍ਰਤੀ ਡੋਜ਼ ਹਰੇਕ ਪਸ਼ੂ ਨੂੰ ਲਾਈ ਜਾਵੇਗੀ। ਰੋਗ ਨੂੰ ਲੈ ਕੇ ਪਸ਼ੂ ਪਾਲਣ ਵਿਭਾਗ ਤੇ ਪਸ਼ੂ ਪਾਲਕਾਂ 'ਚ ਤਾਲਮੇਲ ਦੀ ਘਾਟ ਉਜਾਗਰ ਹੋ ਰਿਹਾ ਹੈ।

ਪਸ਼ੂ ਪਾਲਕਾਂ ਦਾ ਦੋਸ਼ ਹੈ ਕਿ ਵਿਭਾਗ ਪਸ਼ੂਆਂ ਦੀ ਸਾਰ ਨਹੀਂ ਲੈ ਰਿਹਾ ਹੈ। ਸਰਕਾਰੀ ਸਟਾਫ ਉਨ੍ਹਾਂ ਤਕ ਪਹੁੰਚ ਨਹੀਂ ਰਿਹਾ ਹੈ ਅਤੇ ਉਨ੍ਹਾਂ ਨੂੰ ਨਿੱਜੀ ਡਾਕਟਰਾਂ ਤੋਂ ਇਲਾਜ ਕਰਵਾਉਣਾ ਪੈ ਰਿਹਾ ਹੈ। ਉਥੇ ਹੀ ਵਿਭਾਗ ਮੁਤਾਬਕ ਪਸ਼ੂ ਪਾਲਕ ਰੋਗ ਨਾਲ ਪਸ਼ੂਆਂ ਦੀਆਂ ਹੋਣ ਵਾਲੀਆਂ ਮੌਤਾਂ ਦੀ ਸੂਚਨਾ ਦਿੱਤੇ ਬਗ਼ੈਰ ਹੀ ਲਾਸ਼ਾਂ ਦਫਨ ਕਰ ਰਹੇ ਹਨ।

ਪਸ਼ੂ ਪਾਲਣ ਵਿਭਾਗ ਦੇ ਨੋਡਲ ਅਫਸਰ ਡਾ. ਰਾਮਪਾਲ ਮਿੱਤਲ ਦਾ ਕਹਿਣਾ ਹੈ ਕਿ ਹੁਣ ਤਕ ਪੰਜਾਬ 'ਚ 31 ਹਜ਼ਾਰ ਕੇਸ ਸਾਹਮਣੇ ਆਏ ਹਨ। 672 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। 50 ਹਜ਼ਾਰ ਦੇ ਕਰੀਬ ਵੈਕਸੀਨ ਦੀ ਡੋਜ਼ ਲੱਗ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਪੂਰੀ ਚੌਕਸੀ ਨਾਲ ਲੱਗੀਆਂ ਹੋਈਆਂ ਹਨ। ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ।

ਦੱਖਣੀ ਅਫਰੀਕਾ ਤੋਂ ਸ਼ੁਰੂ ਹੋਇਆ ਲੰਪੀ ਵਾਇਰਸ

ਐੱਨਆਰਡੀਡੀਐੱਲ ਦੇ ਡਾ. ਚਰਨਜੀਤ ਸਾਰੰਗਲ ਨੇ ਦੱਸਿਆ ਕਿ ਲੰਪੀ ਵਾਇਰਸ ਦੱਖਣੀ ਅਫਰੀਕਾ 'ਚ ਪਹਿਲੀ ਵਾਰ ਮਿਲਿਆ ਸੀ। ਉਸ ਤੋਂ ਬਾਅਦ ਯੂਰਪ ਰਾਹੀਂ ਹੁੰਦਾ ਹੋਇਆ ਏਸ਼ੀਆ 'ਚ ਦਾਖ਼ਲ ਹੋਇਆ। ਪਿਛਲੇ ਸਾਲ ਕੇਰਲ 'ਚ ਲੰਪੀ ਵਾਇਰਸ ਦੇ ਕੇਸ ਸਾਹਮਣੇ ਆਏ ਸਨ। ਇਸ ਤੋਂ ਬਾਅਦ ਤੇਜ਼ੀ ਨਾਲ ਵੱਖ-ਵੱਖ ਸੂਬਿਆਂ 'ਚ ਫੈਲ ਚੁੱਕਾ ਹੈ। ਲੰਪੀ ਰੋਗ ਪੀੜਤ ਪਸ਼ੂ ਦੇ ਸੰਪਰਕ 'ਚ ਆਉਣ ਨਾਲ ਦੂਸਰੇ ਪਸ਼ੂਆਂ 'ਚ ਫੈਲਦਾ ਹੈ। ਇਹ ਰੋਗ ਮੱਖੀ, ਮੱਛਰ ਜਾਂ ਫਿਰ ਜੂੰ ਵੱਲੋਂ ਖੂਨ ਚੂਸਣ ਨਾਲ ਫੈਲ ਸਕਦਾ ਹੈ। ਇਹੀ ਨਹੀਂ ਪੀੜਤ ਪਸ਼ੂ ਦੇ ਸਿੱਧੇ ਸੰਪਰਕ 'ਚ ਆਉਣ ਨਾਲ ਵੀ ਫੈਲ ਸਕਦਾ ਹੈ। ਇਸੇ ਕਾਰਨ ਹੁਣ ਕਈ ਪਸ਼ੂਆਂ ਦੀ ਮੌਤ ਹੋਣ ਦੀ ਸੂਚਨਾ ਆ ਚੁੱਕੀ ਹੈ।

ਲੰਪੀ ਰੋਗ ਦੇ ਲੱਛਣ

ਪਸ਼ੂ ਨੂੰ ਤੇਜ਼ ਬੁਖਾਰ ਹੋਣਾ, ਚਮੜੀ 'ਚ ਸੋਜ਼ ਤੇ ਮੋਟੇ-ਮੋਟੇ ਫੋੜੇ, ਲੱਤਾਂ 'ਚ ਸੋਜ਼, ਖੁਰਾਕ ਖਾਣ 'ਚ ਪਰੇਸ਼ਾਨੀ, ਕਮਜ਼ੋਰੀ ਤੇ ਦੁੱਧ ਘਟਣਾ ਮੁੱਖ ਲੱਛਣ ਹਨ।

ਕਿੰਝ ਕੀਤਾ ਜਾਵੇ ਬਿਮਾਰੀ ਤੋਂ ਬਚਾਅ

ਪਸ਼ੂ 'ਚ ਰੋਗ ਦੇ ਲੱਛਣ ਦਿਖਾਈ ਦੇਣ 'ਤੇ ਤੁਰੰਤ ਉਸ ਨੂੰ ਦੂਜੇ ਪਸ਼ੂਆਂ ਤੋਂ ਵੱਖ ਕਰੋ। ਪਸ਼ੂ ਲਈ ਚਾਰੇ-ਪਾਣੀ ਦਾ ਪ੍ਰਬੰਧ ਵੱਖਰੇ ਤੌਰ 'ਤੇ ਕਰੋ। ਰੋਗ ਪੀੜਤ ਖੇਤਰ 'ਚ ਤੰਦਰੁਸਤ ਪਸ਼ੂਆਂ ਨੂੰ ਜਾਣ ਤੋਂ ਰੋਕ ਦਿਓ। ਪਸ਼ੂਆਂ ਦੇ ਰਹਿਣ ਵਾਲੀ ਥਾਂ ਦੇ ਆਸ-ਪਾਸ ਨਿੰਮ ਦੇ ਪੱਤਿਆਂ ਨੂੰ ਸਾੜ ਕੇ ਧੂੰਆਂ ਕਰੋ। ਪਸ਼ੂਆਂ ਦੇ ਰਹਿਣ ਵਾਲੀ ਥਾਂ ਦੀਆਂ ਕੰਧਾਂ 'ਚ ਜੇਕਰ ਤਰੇੜਾਂ ਹਨ ਤਾਂ ਉਸ ਨੂੰ ਪੂਰ ਦਿਓ ਜਾਂ ਕਪੂਰ ਦੀਆਂ ਗੋਲ਼ੀਆਂ ਰੱਖੋ। ਪਸ਼ੂਆਂ ਦੇ ਰਹਿਣ ਵਾਲੀ ਥਾਂ ਨੇੜੇ ਸੋਡੀਅਮ ਹਾਈਪੋਕਲੋਰਾਈਟ ਦੇ 2 ਤੋਂ 3 ਫੀਸਦੀ ਦਾ ਿਛੜਕਾਅ ਕਰੋ। ਰੋਗਗ੍ਸਤ ਪਸ਼ੂ ਦੇ ਮਰਨ ਉਪਰੰਤ ਉਸ ਦੇ ਸੰਪਰਕ 'ਚ ਆਈਆਂ ਵਸਤਾਂ ਨੂੰ ਫਿਨਾਈਲ ਜਾਂ ਲਾਲ ਦਵਾਈ ਨਾਲ ਧੋਵੋ। ਮਿ੍ਤਕ ਪਸ਼ੂ ਨੂੰ ਪਿੰਡ ਦੇ ਬਾਹਰ ਜ਼ਮੀਨ 'ਚ ਚੂਨਾ ਤੇ ਨਮਕ ਪਾ ਕੇ ਦੱਬਣਾ ਚਾਹੀਦਾ ਹੈ।