ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਫੌਜ ਦੀ ਪੱਛਮੀ ਕਮਾਨ ਦੇ ਜਨਰਲ ਆਫਿਸਰ ਕਮਾਂਡਿੰਗ-ਇਨ-ਕਮਾਂਡ ਲੈਫਟੀਨੈਂਟ ਜਨਰਲ ਆਰਪੀ ਸਿੰਘ ਨੇ ਜਲੰਧਰ ਕੈਂਟ ਦਾ ਦੋ ਦਿਨਾ ਦੌਰਾ ਕੀਤਾ। 20 ਤੇ 21 ਅਕਤੂਬਰ ਦੇ ਆਪਣੇ ਇਸ ਦੌਰੇ ਦੌਰਾਨ ਕਮਾਂਡਰ ਆਰਪੀ ਸਿੰਘ ਨੇ ਪਹਿਲੇ ਦਿਨ ਜੰਗ-ਏ-ਆਜ਼ਾਦੀ ਅਜਾਇਬਘਰ ਦਾ ਦੌਰਾ ਕੀਤਾ ਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। 21 ਅਕਤੂਬਰ ਨੂੰ ਉਨ੍ਹਾਂ ਨੇ ਮਿਲਟਰੀ ਹਸਪਤਾਲ 'ਚ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਤੇ ਵਿਆਹੁਤਾ ਰਿਹਾਇਸ਼ੀ ਪ੍ਰਰਾਜੈਕਟ ਦੇ ਦੂਜੇ ਪੜਾਅ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਨਾਲ ਜੇਸੀਓ ਵਜਰਾ ਕੋਰ ਵੀ ਮੌਜੂਦ ਸਨ। ਲੈਫਟੀਨੈਂਟ ਜਨਰਲ ਆਰਪੀ ਸਿੰਘ ਨੇ ਹਾਲ ਹੀ ਵਿਚ ਮਿਸਟਰੀ ਹਸਪਤਾਲ 'ਚ ਸ਼ੁਰੂ ਕੀਤੀਆਂ ਗਈਆਂ ਸਹੂਲਤਾਂ ਦਾ ਨਿਰੀਖਣ ਕੀਤਾ, ਜਿਨ੍ਹਾਂ 'ਚ ਕੋਮਾ ਦੀ ਸਥਿਤੀ ਵਾਲੇ ਮਰੀਜ਼ਾਂ ਦੇ ਇਲਾਜ ਦੌਰਾਨ ਦੇਖ-ਭਾਲ ਵਾਰਡ ਤੇ ਬਾਂਝਪਨ ਇਲਾਜ ਸੇਵਾਵਾਂ ਲਈ ਅਸਿਸਟੈੱਡ ਰਿਪ੍ਰਰੋਡਕਟਿਵ ਟੈਕਨਾਲੋਜੀਜ਼ (ਏਆਰਟੀ) ਕੇਂਦਰ ਸ਼ਾਮਲ ਹਨ। ਵਿਆਹੁਤਾ ਰਿਹਾਇਸ਼ ਪ੍ਰਰਾਜੈਕਟ ਦੇ 1790 ਫਲੈਟਾਂ ਦਾ ਨਿਰੀਖਣ ਕਰਦਿਆਂ ਉਨ੍ਹਾਂ ਮਿਲਟਰੀ ਸਟੇਸ਼ਨ 'ਚ ਤਾਇਨਾਤ ਮੁਲਾਜ਼ਮਾਂ ਨੂੰ ਰਿਹਾਇਸ਼ ਸਬੰਧੀ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਇਹ ਪ੍ਰਰਾਜੈਕਟ ਛੇਤੀ ਤੋਂ ਛੇਤੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਨਾਲ ਫੌਜ ਦੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ।