ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ ਫਾਰ ਇਨੋਵੇਸ਼ਨ-2023 ਨੇ ਹਾਲ ਹੀ ਵਿਚ ਆਪਣੀ ਗਲੋਬਲ ਰੈਂਕਿੰਗ ਸੂਚੀ ’ਚ ਵਿਸ਼ਵ ਦੀਆਂ ਚੋਟੀ ਦੀਆਂ ਹਾਰਵਰਡ ਤੇ ਆਕਸਫੋਰਡ ਯੂਨੀਵਰਸਿਟੀਆਂ ਤੋਂ ਅੱਗੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਸਵੀਕਾਰ ਕੀਤਾ ਹੈ। ਦੁਨੀਆ ਭਰ ’ਚ ਛੇ ਸ਼ੇ੍ਰਣੀਆਂ ’ਚ ਭਾਗ ਲੈਣ ਵਾਲੀਆਂ ਯੂਨੀਵਰਸਿਟੀਆਂ ਦਾ ‘ਚੌਥੀ ਉਦਯੋਗਿਕ ਕ੍ਰਾਂਤੀ’ ਸ਼ੇ੍ਰਣੀ ਲਈ ਮੁਲਾਂਕਣ ਕਰਦਿਆਂ ਐਲਪੀਯੂ ਨੂੰ 12ਵੇਂ ਸਥਾਨ ’ਤੇ ਰੱਖਿਆ ਗਿਆ ਹੈ ਜਦੋਂਕਿ ਆਈਵੀ ਲੀਗ ਯੂਨੀਵਰਸਿਟੀ ਹਾਰਵਰਡ ਨੂੰ 23ਵੇਂ ਤੇ ਯੂਕੇ ਦੀ ਆਕਸਫੋਰਡ ਨੂੰ 37ਵੇਂ ਰੈਂਕ ’ਤੇ ਰੱਖਿਆ ਗਿਆ ਹੈ। ਗਲੋਬਲ ਬੈਂਡ 101-200 ’ਚ ਐੱਲਪੀਯੂ ਨੂੰ ਹਾਰਵਰਡ, ਕਾਰਨੇਲ, ਪੈਨਸਿਲਵੇਨੀਆ ਸਮੇਤ ਅਮਰੀਕਾ ਦੀਆਂ ਵੱਖ-ਵੱਖ ਚੋਟੀ ਦੀਆਂ ਆਈਵੀ ਲੀਗ ਯੂਨੀਵਰਸਿਟੀਆਂ ਨਾਲ ਇੰਗਲੈਂਡ, ਜਰਮਨੀ, ਕੈਨੇਡਾ, ਆਸਟੇ੍ਰਲੀਆ, ਚੀਨ, ਕੋਰੀਆ, ਸਵੀਡਨ ਨਾਲ ਰੱਖਿਆ ਗਿਆ ਹੈ। ਐੱਲਪੀਯੂ ਨੈਤਿਕ ਮੁੱਲ ਸੰਕਟ ਪ੍ਰਬੰਧਨ ਤੇ ਚੌਥੀ ਉਦਯੋਗਿਕ ਕ੍ਰਾਂਤੀ ਦੀਆਂ ਤਿੰਨ ਵੱਖ-ਵੱਖ ਸ਼ੇ੍ਰਣੀਆਂ ਲਈ ਭਾਰਤ ਵਿਚ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੋਵਾਂ ਵਿਚ ਪਹਿਲੇ ਸਥਾਨ ’ਤੇ ਹੈ। ਐਲਪੀਯੂ ਵੀ ਇਨ੍ਹਾਂ 3 ਸ਼ੇ੍ਰਣੀਆਂ ਤਹਿਤ ਚੋਟੀ ਦੀਆਂ 50 ’ਵਰਸਿਟੀਆਂ ਦੀ ਸੂਚੀ ਵਿਚ ਵਿਸ਼ਵ ਪੱਧਰ ’ਤੇ ਕ੍ਰਮਵਾਰ 48ਵੇਂ, 46ਵੇਂ ਅਤੇ 12ਵੇਂ ਸਥਾਨ ’ਤੇ ਹੈ। ਯੂਨੀਵਰਸਿਟੀ ਦੀ ਵੱਕਾਰੀ ਰੈਂਕਿੰਗ ’ਤੇ ਮਾਣ ਮਹਿਸੂਸ ਕਰਦੇ ਹੋਏ ਚਾਂਸਲਰ ਡਾ: ਅਸ਼ੋਕ ਕੁਮਾਰ ਮਿੱਤਲ ਦਾ ਕਹਿਣਾ ਕਿ ਇਸ ਪ੍ਰਸਿੱਧ ਗਲੋਬਲ ਨਾਂ ਤੇ ਪ੍ਰਸਿੱਧੀ ਨੂੰ ਹਾਸਲ ਕਰਨ ਦਾ ਸਿਹਰਾ ਐੱਲਪੀਯੂ ’ਚ ਸਾਰਿਆਂ ਨੂੰ ਜਾਂਦਾ ਹੈ। ਇਹ ਸਭ ਦੇ ਅਣਥੱਕ ਯਤਨਾਂ ਸਦਕਾ ਸੰਭਵ ਹੋ ਸਕਿਆ ਹੈ।

Posted By: Shubham Kumar