ਐੱਲਪੀਯੂ ’ਚ ਏਆਈਯੂ ਨਾਰਥ ਜ਼ੋਨ ਵਾਈਸ ਚਾਂਸਲਰਜ਼ ਮੀਟ ਅੱਜ
ਐੱਲਪੀਯੂ ਵੱਲੋਂ ਏਆਈਯੂ ਨੌਰਥ ਜ਼ੋਨ ਵਾਈਸ ਚਾਂਸਲਰਜ਼ ਮੀਟ 2025-26 ਤੋਂ ਪਹਿਲਾਂ ਪ੍ਰੈੱਸ ਕਾਨਫਰੰਸ
Publish Date: Mon, 08 Dec 2025 08:55 PM (IST)
Updated Date: Tue, 09 Dec 2025 04:18 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ (ਏਆਈਯੂ) ਦੀ 2 ਦਿਨਾ ‘ਉੱਤਰੀ ਜ਼ੋਨ ਵਾਈਸ ਚਾਂਸਲਰਜ਼ ਮੀਟ 9 ਦਸੰਬਰ ਤੋਂ ਐੱਲਪੀਯੂ ’ਚ ਸ਼ੁਰੂ ਹੋ ਰਹੀ ਹੈ। ਇਸ ਕਾਨਫਰੰਸ ਦਾ ਥੀਮ ‘ਪਾਠਕ੍ਰਮ ਤੇ ਖੋਜ ’ਚ ਰਵਾਇਤੀ ਗਿਆਨ ਨੂੰ ਜੋੜਨਾ’ ਹੈ। ਇਸ ਸਬੰਧੀ ਪ੍ਰੈੱਸ ਕਲੱਬ ’ਚ ਗੱਲਬਾਤ ਕਰਦਿਆ ਏਆਈਯੂ ਦੇ ਪ੍ਰਧਾਨ ਪ੍ਰੋ. ਵਿਨੇ ਕੁਮਾਰ ਪਾਠਕ ਤੇ ਜਨ. ਸਕੱਤਰ ਡਾ. ਪੰਕਜ ਮਿੱਤਲ ਨੇ ਦੱਸਿਆ ਕਿ ਉਸ ਕਾਨਫਰੰਸ ਦਾ ਉਦਘਾਟਨੀ ਸਮਾਰੋਹ 9 ਦਸੰਬਰ ਸਵੇਰੇ 10 ਵਜੇ ਹੋਵੇਗਾ, ਜਿਸ ’ਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਦਘਾਟਨੀ ਸੈਸ਼ਨ ਦੌਰਾਨ ਮੁੱਖ ਮਹਿਮਾਨ ਯੂਨੀਵਰਸਿਟੀ ਨਿਊਜ਼ ਦਾ ਵਿਸ਼ੇਸ਼ ਅੰਕ ਜਾਰੀ ਕਰਨਗੇ। ਉਨ੍ਹਾਂ ਦੱਸਿਆ ਕਿ ਉੱਤਰੀ ਰਾਜਾਂ–ਉੱਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ ਤੇ ਜੰਮੂ-ਕਸ਼ਮੀਰ ਤੋਂ ਲੱਗਭਗ 100 ਵਾਈਸ ਚਾਂਸਲਰ ਪੁੱਜਣਗੇ, ਜਦਕਿ ਬਾਕੀ ਦੇ 100 ਤੋਂ ਵੱਧ ਵਰਚੁਅਲੀ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਅਸ਼ੋਕ ਕੁਮਾਰ ਮਿੱਤਲ, ਸੰਸਦ ਮੈਂਬਰ (ਰਾਜ ਸਭਾ) ਤੇ ਸੰਸਥਾਪਕ ਚਾਂਸਲਰ, ਐੱਲਪੀਯੂ ਵੀ ਵਾਈਸ ਚਾਂਸਲਰਾਂ ਨੂੰ ਸੰਬੋਧਨ ਕਰਨਗੇ। ਕਾਨਫਰੰਸ ’ਚ ਏਆਈਸੀਟੀਈ, ਯੂਜੀਸੀ, ਐੱਨਏਏਸੀ, ਆਈਸੀਏਆਰ ਤੇ ਵੱਖ-ਵੱਖ ਮੰਤਰਾਲਿਆਂ ਦੇ ਅਧਿਕਾਰੀ, ਸਿੱਖਿਆ ਮਾਹਰ ਤੇ ਅੰਤਰਰਾਸ਼ਟਰੀ ਬੁਲਾਰੇ ਸ਼ਾਮਲ ਹੋਣਗੇ। ਦੋ ਦਿਨਾ ਸਮਾਗਮ ’ਚ 3 ਤਕਨੀਕੀ ਸੈਸ਼ਨ ਰਵਾਇਤੀ ਗਿਆਨ ਤੇ ਆਧੁਨਿਕ ਤਕਨਾਲੋਜੀ ਦੇ ਏਕੀਕਰਨ, ਭਾਰਤੀ ਗਿਆਨ ਪ੍ਰਣਾਲੀ ਦੇ ਪਾਠਕ੍ਰਮ ਤੇ ਫੈਕਲਟੀ ਵਿਕਾਸ ’ਚ ਸ਼ਾਮਲ ਕਰਨ ਤੇ ਆਈਕੇਐੱਸ ਦੇ ਭਵਿੱਖੀ ਰੁਝਾਨਾਂ ’ਤੇ ਕੇਂਦ੍ਰਿਤ ਹੋਣਗੇ। ਇਨ੍ਹਾਂ ਤੋਂ ਇਲਾਵਾ ਟਾਪ ਬਾਡੀਜ਼ ਨਾਲ ਇੰਟਰਫੇਸ ਤੇ ਏਆਈਯੂ ਵਪਾਰ ਸੈਸ਼ਨ ਵੀ ਕਰਵਾਏ ਜਾਣਗੇ, ਜੋ ਉੱਚ ਸਿੱਖਿਆ ਦੇ ਵਿਕਾਸ ਤੇ ਚੁਣੌਤੀਆਂ ’ਤੇ ਮਹੱਤਵਪੂਰਨ ਚਰਚਾ ਲਈ ਮੰਚ ਪ੍ਰਦਾਨ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਐੱਲਪੀਯੂ ਤੇ ਡਾ. ਸੌਰਭ ਲਖਨਪਾਲ (ਕਾਰਜਕਾਰੀ ਡੀਨ ਐੱਲਪੀਯੂ) ਵੀ ਮੌਜੂਦ ਸਨ।