ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਟੋਕੀਓ ਓਲੰਪਿਕ 'ਚ ਭਾਰਤੀ ਪੁਰਸ਼ ਹਾਕੀ ਟੀਮ ਦੀ ਕਾਂਸੀ ਦਾ ਮੈਡਲ ਜਿੱਤਣ 'ਤੇ ਲਵਲੀ ਪੋ੍ਫੈਸ਼ਨਲ ਯੂਨੀਵਰਸਿਟੀ 'ਚ ਜਿੱਤ ਦਾ ਜਸ਼ਨ ਮਨਾਇਆ ਗਿਆ। ਪੂਰਾ ਕੈਂਪਸ ਭੰਗੜੇ ਤੇ ਗਿੱਧੇ ਦੀਆਂ ਧੁਨਾਂ ਤੇ ਢੋਲ ਦੀ ਥਾਪਾਂ ਨਾਲ ਗੂੰਜ ਉੱਠਿਆ। ਐੱਲਪੀਯੂ ਦੇ ਹਰ ਇਕ ਪਰਿਵਾਰਕ ਮੈਂਬਰ, ਇਸ ਦੇ ਵਿਦਿਆਰਥੀਆਂ, ਫੈਕਲਟੀ, ਸਟਾਫ ਮੈਂਬਰਾਂ, ਹਿੱਸੇਦਾਰਾਂ ਸਮੇਤ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੇ ਨਿੱਜੀ ਵੱਖੋ-ਵੱਖਰੇ ਸੋਸ਼ਲ ਮੀਡੀਆ ਖਾਤੇ ਜਿਨ੍ਹਾਂ 'ਚ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਤੇ ਯੂਨੀਵਰਸਿਟੀ ਦੇ ਵੀ ਸ਼ਾਮਲ ਹਨ, ਸਫਲਤਾ ਦੇ ਇਸ ਨਾ ਭੁੱਲਣ ਵਾਲੇ ਮੌਕੇ 'ਤੇ ਅਨੰਦ ਦੇ ਅਣਗਿਣਤ ਆਕਰਸ਼ਕ ਪ੍ਰਗਟਾਵਿਆਂ ਨਾਲ ਭਰਪੂਰ ਹਨ। ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ, ਵਾਈਸ ਚੇਅਰਮੈਨ ਨਰੇਸ਼ ਮਿੱਤਲ, ਐੱਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ, ਪੋ੍. ਚਾਂਸਲਰ ਰਸ਼ਮੀ ਮਿੱਤਲ, ਡੀਜੀ ਐੱਚਆਰ ਸਿੰਗਲਾ ਤੇ ਹੋਰ ਸਾਰੇ ਅਹੁਦੇਦਾਰ ਵਿਸ਼ੇਸ਼ ਤੌਰ 'ਤੇ ਜਿੱਤ ਦੀ ਖੁਸ਼ੀ ਮਨਾਉਣ ਲਈ ਮੌਜੂਦ ਸਨ। ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਚਾਂਸਲਰ ਅਸ਼ੋਕ ਮਿੱਤਲ ਨੇ ਮਜ਼ਬੂਤ ਭਾਰਤੀ ਟੀਮ ਤੇ ਸਾਰੇ ਭਾਰਤੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਐੱਲਪੀਯੂ ਦੇ 7 ਵਿਦਿਆਰਥੀ-ਖਿਡਾਰੀਆਂ ਨਾਲ ਭਾਰਤੀ ਟੀਮ ਨੇ 41 ਸਾਲਾਂ ਦੇ ਵਿਸ਼ਾਲ ਵਕਫੇ ਬਾਅਦ ਓਲੰਪਿਕ ਹਾਕੀ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ। ਉਨ੍ਹਾਂ ਐੱਲਪੀਯੂ ਦੇ ਹਰ ਉਸ ਵਿਦਿਆਰਥੀ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਜੋ ਭਾਰਤੀ ਹਾਕੀ ਟੀਮ ਦਾ ਹਿੱਸਾ ਹੈ। ਉਨ੍ਹਾਂ ਨੇ ਐੱਲਪੀਯੂ ਕੈਂਪਸ ਵਿਚ ਵਿਸ਼ਵ ਪੱਧਰੀ ਹਾਕੀ ਸਟੇਡੀਅਮ ਬਣਾਉਣ ਦੇ ਨਾਲ -ਨਾਲ ਵੱਖ-ਵੱਖ ਖੇਡਾਂ ਲਈ ਪਹਿਲਾਂ ਤੋਂ ਹੀ ਮੌਜੂਦ ਅੰਤਰਰਾਸ਼ਟਰੀ ਪੱਧਰ ਦੇ ਵਿਸ਼ਾਲ ਖੇਡ ਢਾਂਚੇ ਬਾਰੇ ਵਿਚ ਵੀ ਜਾਣਕਾਰੀ ਦਿੱਤੀ। ਜਸ਼ਨਾਂ ਦੌਰਾਨ ਸਟਾਫ ਦੇ ਮੈਂਬਰ ਭਾਰਤ ਦੀ ਰਾਸ਼ਟਰੀ ਖੇਡ ਹਾਕੀ ਦੀ ਰਾਸ਼ਟਰੀ ਸ਼ਾਨ ਨੂੰ ਬਰਕਰਾਰ ਰੱਖਦੇ ਹੋਏ ਤਿਰੰਗੇ ਲਹਿਰਾਉਂਦੇ ਵੇਖੇ ਗਏ। ਜ਼ਿਕਰਯੋਗ ਹੈ ਕਿ ਭਾਰਤੀ ਪੁਰਸ਼ ਹਾਕੀ ਟੀਮ 'ਚ ਐੱਲਪੀਯੂ ਦੇ ਸੱਤ ਵਿਦਿਆਰਥੀ ਇਸ ਦੇ ਕਪਤਾਨ ਮਨਪ੍ਰਰੀਤ ਸਿੰਘ (ਐੱਮਬੀਏ), ਰੁਪਿੰਦਰਪਾਲ ਸਿੰਘ (ਐੱਮਬੀਏ), ਹਰਮਨਪ੍ਰਰੀਤ ਸਿੰਘ (ਐੱਮਬੀਏ), ਮਨਦੀਪ ਸਿੰਘ (ਬੀਏ), ਸ਼ਮਸ਼ੇਰ ਸਿੰਘ (ਐੱਮਬੀਏ), ਦਿਲਪ੍ਰਰੀਤ ਸਿੰਘ (ਬੀਏ) ਤੇ ਵਰੁਣ ਕੁਮਾਰ (ਐੱਮਬੀਏ) ਹਨ।