ਜਤਿੰਦਰ ਪੰਮੀ, ਜਲੰਧਰ

ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ 'ਨਿਸ਼ੰਕ' ਨੇ ਬੁੱਧਵਾਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਕੈਂਪਸ ਦੇ ਨਾਲ ਲੱਗਦੇ 10 ਪਿੰਡ ਗੋਦ ਲਵੇ, ਜਿਨ੍ਹਾਂ 'ਚ ਵਿੱਦਿਅਕ, ਆਰਥਿਕ, ਸਮਾਜਿਕ ਤੇ ਹੋਰ ਵਿਕਾਸ ਕੰਮ ਕਰਵਾਏ ਤਾਂ ਉਕਤ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ। ਕੇਂਦਰੀ ਮੰਤਰੀ ਪੋਖਰਿਆਲ ਬੁੱਧਵਾਰ ਐੱਲਪੀਯੂ ਪੁੱਜੇ ਜਿੱਥੇ ਉਨ੍ਹਾਂ ਨੇ ਯੂਨੀਵਰਸਿਟੀ 'ਚ ਵੱਖ-ਵੱਖ ਖੇਤਰਾਂ 'ਚ ਹੋਣ ਵਾਲੇ ਤਿੰਨ ਪ੍ਰਮੁੱਖ ਪ੍ਰੋ੍ਰਗਰਾਮਾਂ ਦਾ ਉਦਘਾਟਨ ਕੀਤਾ। ਅਕਾਦਮਿਕ ਤੇ ਸਮਾਜਿਕ ਜ਼ਿੰਮੇਵਾਰੀ ਪ੍ਰੋਗਰਾਮ 'ਚ ਕੇਂਦਰੀ ਮੰਤਰੀ ਨੇ ਦੇਸ਼ ਦੇ 295 ਹੋਣਹਾਰ ਵਿਦਿਆਰਥੀਆਂ ਨੂੰ ਐੱਲਪੀਯੂ ਦੀ 4 ਕਰੋੜ ਤੋਂ ਜ਼ਿਆਦਾ ਰਾਸ਼ੀ ਸਟੱਡੀ ਗ੍ਰਾਂਟ ਤਹਿਤ ਵੰਡੀ। ਸਹਿ-ਅਕਾਦਮਿਕ ਸਰਗਰਮੀਆਂ ਦੇ ਮੱਦੇਨਜ਼ਰ ਉਨ੍ਹਾਂ ਨੇ ਯੂਨੀਵਰਸਿਟੀ ਦੇ ਸਾਲਾਨਾ 'ਵਨ ਵਰਲਡ' ਫੈਸਟੀਵਲ ਦੇ ਪ੍ਰੋਗਰਾਮ ਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ 'ਐਕਵੈਟਿਕਸ' ਚੈਂਪੀਅਨਸ਼ਿਪ (ਮਹਿਲਾ) 2019-20 ਦਾ ਉਦਘਾਟਨ ਵੀ ਕੀਤਾ।

ਸਟੱਡੀ ਗ੍ਰਾਂਟ ਐਵਾਰਡ ਜੇਤੂਆਂ ਨੂੰ ਦੇਸ਼ ਦੇ 'ਚੋਣਵੇਂ ਹੀਰੇ' ਕਹਿੰਦਿਆਂ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਖਚਾ-ਖਚ ਭਰੇ ਸ਼ਾਂਤੀ ਦੇਵੀ ਮਿੱਤਲ ਆਡੀਟੋਰੀਅਮ 'ਚ ਸਾਰਿਆਂ ਨੂੰ ਪ੍ਰਣ ਲੈਣ ਲਈ ਕਿਹਾ ਕਿ ਉਹ ਸਾਰੇ ਆਪਣੇ ਜੀਵਨ ਦੇ ਹਰ ਪਲ ਦੀ ਸਹੀ ਵਰਤਂੋ ਕਰਨਗੇ, ਚੁਣੌਤੀਆਂ ਸਵੀਕਾਰ ਕਰਨਗੇ, ਸਾਰਿਆਂ ਤਂੋ ਅੱਗੇ ਨਿਕਲਣਗੇ, ਛੋਟੀਆਂ-ਛੋਟੀਆਂ ਗੱਲਾਂ 'ਤੇ ਧਿਆਨ ਨਹੀਂ ਦੇਣਗੇ, ਹਾਲਾਤ ਨਾਲ ਸਮਝੌਤਾ ਨਹੀਂ ਕਰਨਗੇ ਤੇ ਇਸੇ ਤਰ੍ਹਾਂ ਆਪਣੇ-ਆਪ ਨੂੰ ਸਿੱਧ ਕਰਨਗੇ ਕਿ ਉਹ ਆਲਮੀ ਤਬਦੀਲੀ ਲਈ ਹੀ ਪੈਦਾ ਹੋਏ ਹਨ। ਦੇਸ਼ ਦੇ ਮਹਾਨ ਨੇਤਾਵਾਂ ਜਿਨ੍ਹਾਂ 'ਚ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ, ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ, ਅੱਟਲ ਬਿਹਾਰੀ ਵਾਜਪਾਈ ਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹਨ, ਮੰਤਰੀ ਨੇ ਸਾਰਿਆਂ ਨੂੰ ਮਹਾਨ ਨੇਤਾਵਾਂ ਦੇ ਜੀਵਨ ਤੋਂ ਸਿੱਖਣ ਤੇ ਦੇਸ਼ ਪ੍ਰਤੀ ਲਗਾਤਾਰ ਮਾਣ ਪ੍ਰਾਪਤ ਕਰਦਿਆਂ ਦੁਨੀਆ 'ਚ ਦੇਸ਼ ਨੂੰ ਸਿਖਰ 'ਤੇ ਲਿਜਾਣ ਲਈ ਕਿਹਾ।

ਉਨ੍ਹਾਂ ਇਕ ਛੋਟੇ ਜਿਹੇ ਸਮੇਂ 'ਚ ਹੀ ਐੱਲਪੀਯੂ 'ਚ ਵੱਖਰੇ ਖੇਤਰਾਂ 'ਚ ਸਫਲ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਐੱਚਆਰਡੀ ਮਨਿਸਟਰ ਨੇ ਐੱਲਪੀਯੂ ਪ੍ਰਬੰਧਕੀ ਕਮੇਟੀ ਨੂੰ ਕਿਹਾ ਕਿ ਉਹ ਦੇਸ਼ ਦੇ ਚੰਗੇ ਵਿਕਾਸ ਪ੍ਰੋਗਰਾਮ ਅਧੀਨ ਹੋਰ ਜ਼ਿਆਦਾ ਪਿੰਡਾਂ ਨੂੰ ਗੋਦ ਲੈਣ ਅਤੇ ਉÎੱਥੇ ਸਰਕਾਰੀ ਨੀਤੀਆਂ ਨੂੰ ਲਾਗੂ ਕਰਨ ਤਾਂ ਜੋ ਆਮ ਆਦਮੀ ਦੀ ਭਲਾਈ ਹੋ ਸਕੇ। ਉਨ੍ਹਾਂ ਨੇ ਹੋਣਹਾਰ ਵਿਦਿਆਰਥੀਆਂ ਨੂੰ ਆਪਣੇ ਵਿਜ਼ਨ ਤੇ ਮਿਸ਼ਨ ਨਾਲ ਜੋੜਨ ਲਈ ਐੱਲਪੀਯੂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਸ ਸਬੰਧੀ ਵਿਦਿਆਰਥੀ ਆਪਣੇ ਟੀਚਿਆਂ ਨੂੰ ਪ੍ਰਾਪਤ ਕਰ ਸਕਣਗੇ। ਐੱਲਪੀਯੂ 'ਚ ਸਪੋਰਟਸ ਖੇਤਰਾਂ 'ਚ ਉਪਲੱਬਧੀਆਂ ਬਾਰੇ ਉਨ੍ਹਾਂ ਨੇ ਸਾਰਿਆਂ ਨੂੰ ਜਾਗਰੂਕ ਕੀਤਾ ਕਿ ਹਮੇਸ਼ਾ 'ਫਿਟ' ਰਹੋ ਤਾਂ ਹੀ ਉਹ ਭਾਰਤ ਨੂੰ 'ਫਿਟ' ਦੇਖ ਸਕਣਗੇ। ਇਕ ਪਰਿਵਾਰ ਦੇ ਟੀਚੇ ਨਾਲ ਐੱਲਪੀਯੂ 'ਚ ਸਾਲਾਨਾ 'ਵਨ ਵਰਲਡ' ਫੈਸਟੀਵਲ ਵੱਲੋਂ ਵਿਸ਼ਵ ਦੀ ਸਥਾਪਨਾ ਪ੍ਰਤੀ ਉਨ੍ਹਾਂ ਨੇ ਐੱਲਪੀਯੂ ਦੀ ਸ਼ਲਾਘਾ ਕੀਤੀ ਕਿ ਇਸ ਨੇ ਭਾਰਤ ਦੀ 'ਇਕ ਪਰਿਵਾਰ' ਦੀ ਮਹਾਨ ਸੰਸਕ੍ਰਿਤੀ ਨੂੰ ਕੈਂਪਸ 'ਚ ਗ੍ਰਹਿਣ ਕੀਤਾ ਹੋਇਆ ਹੈ। ਉਨ੍ਹਾਂ ਇੱਛਾ ਪ੍ਰਗਟ ਕੀਤੀ ਕਿ ਐੱਲਪੀਯੂ ਨੂੰ ਵਿਸ਼ਵ ਦੀਆਂ ਸਿਖਰਲੀਆਂ ਯੂਨੀਵਰਸਿਟੀਆਂ 'ਚ ਮਹੱਤਵਪੂਰਨ ਦਰਜਾਬੰਦੀ ਪ੍ਰਾਪਤ ਹੋਵੇ।

ਇਸ ਤੋਂ ਪਹਿਲਾਂ, ਐੱਲਪੀਯੂ ਕੈਂਪਸ 'ਚ ਪੁੱਜਣ 'ਤੇ ਮੰਤਰੀ ਦਾ ਸਵਾਗਤ ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ, ਵਾਈਸ ਚੇਅਰਮੈਨ ਨਰੇਸ਼ ਮਿੱਤਲ, ਐੱਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ ਤੇ ਪ੍ਰੋ ਚਾਂਸਲਰ ਰਸ਼ਮੀ ਮਿੱਤਲ ਨੇ ਕੀਤਾ। ਇਸ ਮੌਕੇ ਜਲੰਧਰ ਦੇ ਸਾਬਕਾ ਮੇਅਰ ਰਾਕੇਸ਼ ਰਾਠੌਰ, ਸੀਨੀਅਰ ਸਿਵਲ ਪੁਲਿਸ ਅਧਿਕਾਰੀ ਤੇ ਐਵਾਰਡ ਜੇਤੂਆਂ ਦੇ ਮਾਤਾ-ਪਿਤਾ ਵੀ ਵਿਸ਼ੇਸ਼ ਰੂਪ ਨਾਲ ਮੌਜੂਦ ਸਨ। ਚਾਂਸਲਰ ਮਿੱਤਲ ਨੇ ਮੰਤਰੀ ਦਾ ਧੰਨਵਾਦ ਪ੍ਰਗਟ ਕੀਤਾ ਕਿ ਉਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਨੇ ਆਡੀਟੋਰੀਅਮ 'ਚ ਮੌਜੂਦ ਸਾਰਿਆਂ ਨੂੰ ਮੰਤਰੀ ਦੀਆਂ ਜ਼ਿਕਰਯੋਗ ਉਪਲਬਧੀਆਂ ਬਾਰੇ ਵੀ ਦੱਸਿਆ। ਉਨ੍ਹਾਂ ਨੇ ਮੰਤਰੀ ਨੂੰ ਭਰੋਸਾ ਦਿੱਤਾ ਕਿ ਦੇਸ਼ 'ਚ ਨਵੀਂ ਸਿੱਖਿਆ ਪ੍ਰਣਾਲੀ ਨੂੰ ਲਾਗੂ ਕਰਨ 'ਚ ਉਹ ਪੂਰੀ ਤਰ੍ਹਾਂ ਉਨ੍ਹਾਂ ਦਾ ਸਹਿਯੋਗ ਦੇਣਗੇ। ਮਿੱਤਲ ਨੇ ਮੰਤਰੀ ਨੂੰ ਬੇਨਤੀ ਕੀਤੀ ਕਿ ਐੱਲਪੀਯੂ ਕੈਂਪਸ 'ਚ ਸਰਕਾਰ ਵੱਲਂੋ ਵੱਡੇ-ਵੱਡੇ ਨੈਸ਼ਨਲ ਈਵੈਂਟ ਕਰਵਾਏ ਜਾਣ।