ਸੰਵਾਦ ਸਹਿਯੋਗੀ, ਕਰਤਾਰਪੁਰ : ਬੁੱਧਵਾਰ ਰਾਤ 11.30 ਵਜੇ ਦੇ ਕਰੀਬ ਜਲੰਧਰ-ਅੰਮਿ੍ਤਸਰ ਕੌਮੀ ਮਾਰਗ 'ਤੇ ਕਰਤਾਰਪੁਰ ਤੋਂ ਦੋ ਕਿਲੋਮੀਟਰ ਦੂਰੀ 'ਤੇ ਸਥਿਤ (ਜਲੰਧਰ ਵੱਲ) ਸਰਾਏ ਖਾਸ 'ਚ ਸਥਿਤ ਸੀਆਰਪੀਐੱਫ ਕੈਂਪ ਨੇੜੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਗੰਨ ਪੁਆਇੰਟ 'ਤੇ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਤੋਂ ਮੱਥਾ ਟੇਕ ਕੇ ਜਲੰਧਰ ਵਾਪਸ ਪਰਤ ਰਹੇ ਕਾਰ ਸਵਾਰ ਪਰਿਵਾਰ ਤੋਂ ਗਹਿਣੇ, ਨਕਦੀ ਲੁੱਟੀ ਤੇ ਫਰਾਰ ਹੋ ਗਏ। ਉਕਤ ਪੀੜਤ ਕਾਰ ਸਵਾਰ ਜਲੰਧਰ ਦੇ ਕੌਂਸਲਰ ਸ਼ੈਰੀ ਚੱਢਾ ਦੇ ਰਿਸ਼ਤੇਦਾਰ ਹਨ। ਉਕਤ ਲੋਕ ਓਪਨ ਬੈਨਰਜੀ ਰੋਡ ਬਿਹਾਲਾ ਕੋਲਕਾਤਾ ਤੋਂ ਪੰਜਾਬ ਆਏ ਹੋਏ ਸਨ ਤੇ ਅੰਮਿ੍ਤਸਰ ਸਾਹਿਬ ਮੱਥਾ ਟੇਕਣ ਗਏ ਸਨ। ਵੀਰਵਾਰ ਨੂੰ ਪੁਲਿਸ ਸਟੇਸ਼ਨ ਪੁੱਜ ਕੇ ਉਕਤ ਲੁੱਟ ਸਬੰਧੀ ਆਪਣੇ ਬਿਆਨ ਦਰਜ ਕਰਵਾਏ। ਉਕਤ ਗੱਡੀ 'ਚ ਤਿੰਨ ਅੌਰਤਾਂ ਸਮੇਤ ਛੇ ਲੋਕ ਸਵਾਰ ਸਨ।

ਇਸ ਸਬੰਧੀ ਕਾਰ ਸਵਾਰ ਅਮਰਜੀਤ ਸਿੰਘ ਸੇਠੀ, ਅੰਗਦ ਸੇਠੀ ਤੇ ਹੋਰ ਨਿਵਾਸੀ ਕੋਲਕਾਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਅੰਮਿ੍ਤਸਰ ਤੋਂ ਮੱਥਾ ਟੇਕਣ ਤੋਂ ਬਾਅਦ ਰਾਤ 11.30 ਵਜੇ ਦੇ ਕਰੀਬ ਉਨ੍ਹਾਂ ਦੀ ਗੱਡੀ ਸੀਆਰਪੀਐੱਫ ਕੈਂਪ ਕਰਤਾਰਪੁਰ ਕੋਲ ਪੁੱਜੀ ਤਾਂ ਉਨ੍ਹਾਂ ਨੂੰ ਅਜਿਹਾ ਲੱਗਾ ਕਿ ਗੱਡੀ 'ਚ ਕੁਝ ਸਮੱਸਿਆ ਹੈ। ਉਨ੍ਹਾਂ ਨੇ ਗੱਡੀ ਰੋਕੀ। ਗੱਡੀ 'ਚੋਂ ਉਤਰ ਕੇ ਦੇਖਿਆ ਤਾਂ ਟਾਇਰ ਪੰਕਚਰ ਸੀ। ਉਹ ਸਟੈਪਨੀ ਕੱਢ ਕੇ ਟਾਇਰ ਬਦਲੀ ਕਰਨ ਲੱਗੇ ਤਾਂ ਕੁਝ ਦੇਰ ਬਾਅਦ ਉਥੇ ਮੋਟਰਸਾਈਕਲ ਸਵਾਰ ਤਿੰਨ ਲੋਕ ਆਏ ਗਏ। ਉਨ੍ਹਾਂ ਨੇ ਮਦਦ ਕਰਨ ਦੀ ਗੱਲ ਕਹੀ ਤਾਂ ਉਨ੍ਹਾਂ ਨੇ ਇਨਕਾਰ ਕੀਤਾ, ਬਾਵਜੂਦ ਇਸ ਦੇ ਮੋਟਰਸਾਈਕਲ ਸਵਾਰ ਮਦਦ ਕਰਨ ਦੀ ਜ਼ਿੱਦ ਕਰ ਕੇ ਟਾਇਰ ਬਦਲਵਾਉਣ ਲੱਗੇ। ਉਹ ਗੱਡੀ ਸਟਾਰਟ ਕਰਨ ਲੱਗੇ ਤਾਂ ਨੌਜਵਾਨਾਂ ਨੇ ਮਦਦ ਦੇ ਇਵਜ਼ 'ਚ ਪੈਸੇ ਮੰਗੇ। ਉਨ੍ਹਾਂ ਨੇ ਪਹਿਲਾਂ 200 ਰੁਪਏ ਦਿੱਤੇ ਤਾਂ ਉਨ੍ਹਾਂ ਨੇ ਕਿਹਾ ਕਿ ਪੈਸੇ ਬਹੁਤ ਘੱਟ ਨੇ। ਉਨ੍ਹਾਂ 100 ਰੁਪਏ ਹੋਰ ਦੇ ਦਿੱਤੇ। ਇੰਨੇ 'ਚ ਉਕਤ ਲੁਟੇਰੇ ਨੌਜਵਾਨਾਂ ਨੇ ਪਿਸਤੌਲ ਕੱਢ ਕੇ ਗੱਡੀ ਦੀ ਚਾਬੀ ਕੱਢ ਲਈ ਤੇ ਕਿਹਾ ਕਿ ਜੋ ਹੈ ਦੇ ਦਿਓ, ਜਿਸ 'ਤੇ ਸਾਰੇ ਡਰ ਗਏ।

ਉਕਤ ਲੁਟੇਰਿਆਂ ਨੇ ਸਾਰਿਆਂ ਨੂੰ ਗੰਨ ਪੁਆਇੰਟ 'ਤੇ ਲੈਂਦਿਆਂ ਕਾਰ ਸਵਾਰ ਦੇ ਪਰਸ 'ਚੋਂ 20 ਹਜ਼ਾਰ ਰੁਪਏ, ਪੁੱਤਰ ਦੀ ਮੁੰਦਰੀ ਤੇ ਚੇਨ, 20 ਹਜ਼ਾਰ ਨਕਦ, ਦੂਜੇ ਲੜਕੇ ਤੋਂ 11 ਹਜ਼ਾਰ ਦੀ ਨਕਦੀ, ਧੀ ਦੇ ਟਾਪਸ ਤੇ ਚੇਨ, ਜੀਜੇ ਮੁੰਦਰੀ ਤੇ ਮਨੀ ਬੈਗ ਜਿਸ 'ਚ 5 ਹਜ਼ਾਰ ਦੀ ਨਕਦੀ, ਡੈਬਿਟ ਕਾਰਡ ਤੇ ਹੋਰ ਕਾਗਜ਼ਾਤ ਮੌਜੂਦ ਸਨ, ਖੋਹ ਲਏ। ਕਾਰ ਸਵਾਰਾਂ ਨੇ ਦੱਸਿਆ ਕਿ ਉਕਤ ਤਿੰਨੇ ਲੁਟੇਰਿਆਂ ਨੇ ਸ਼ਰਾਬ ਪੀਤੀ ਹੋਈ ਸੀ। ਉਨ੍ਹਾਂ ਕੋਲ ਪਿਸਤੌਲ, ਤਲਵਾਰ ਤੇ ਹੋਰ ਤੇਜ਼ਧਾਰ ਹਥਿਆਰ ਸਨ। ਕਰਤਾਰਪੁਰ ਪੁਲਿਸ ਨੇ ਅਮਰਜੀਤ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਸੁਖਪਾਲ ਸਿੰਘ ਨੇ ਕਿਹਾ ਕਿ ਲੁਟੇਰਿਆਂ ਨੂੰ ਕਾਬੂ ਕਰਨ ਲਈ ਸੀਸੀਟੀਵੀ ਦੀ ਚੈਕਿੰਗ ਕੀਤੀ ਜਾ ਰਹੀ ਹੈ।

---

ਦੇਰ ਰਾਤ ਪੁਲਿਸ ਨੇ ਕਈ ਸ਼ੱਕੀ ਕੀਤੇ ਰਾਊਂਡਅੱਪ, ਇਕ ਦੀ ਪਛਾਣ

ਦੇਰ ਰਾਤ ਪੁਲਿਸ ਨੇ ਕੁਝ ਸ਼ੱਕੀਆਂ ਨੂੰ ਰਾਊਂਡਅੱਪ ਕੀਤਾ। ਪੁਲਿਸ ਨੇ ਸ਼ੱਕੀਆਂ ਦੀ ਪਛਾਣ ਲਈ ਪੀੜਤ ਪਰਿਵਾਰ ਨੂੰ ਸੱਦਿਆ ਤਾਂ ਇਕ ਨੌਜਵਾਨ ਨੂੰ ਪੀੜਤਾਂ ਨੇ ਪਛਾਣ ਲਿਆ ਕਿ ਉਸ ਨੇ ਨੌਜਵਾਨ ਨੇ ਸਾਥੀਆਂ ਨਾਲ ਰਲ ਕੇ ਲੁੱਟ ਕੀਤੀ ਹੈ। ਦੇਰ ਰਾਤ ਤਕ ਪੁਲਿਸ ਨੇ ਮੁਲਜ਼ਮਾਂ ਦੀ ਗਿ੍ਫ਼ਤਾਰੀ ਨਹੀਂ ਦਿਖਾਈ ਸੀ ਬਲਕਿ ਉਸ ਨੂੰ ਨਾਲ ਲਿਜਾ ਕੇ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਪੁਲਿਸ ਸਾਰੇ ਮੁਲਜ਼ਮਾਂ ਦੀ ਗਿ੍ਫ਼ਤਾਰੀ ਦਿਖਾ ਸਕਦੀ ਹੈ।