ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਦਾਣਾ ਮੰਡੀ ਭੋਗਪੁਰ ਵਿਖੇ ਝੋਨੇ ਦੀ ਆਮਦ ਸ਼ੁਰੂ ਹੋਣ ਤੇ ਮਾਰਕੀਟ ਕਮੇਟੀ ਤੇ ਪਨਗ੍ਰੇਨ ਵੱਲੋ ਐਤਵਾਰ ਨੂੰ ਸਰਕਾਰੀ ਖਰੀਦ ਸ਼ੁਰੂ ਕੀਤੀ ਗਈ। ਖਰੀਦ ਸ਼ੁਰੂ ਕਰਨ ਮੌਕੇ ਪਨਗ੍ਰੇਨ ਇੰਸਪੈਕਟਰ ਰਜਨੀਸ਼ ਰਾਮਪਾਲ, ਆੜ੍ਹਤੀਆਂ ਐਸ਼ੋਸ਼ੀਏਸ਼ਨ ਭੋਗਪੁਰ ਦੇ ਪ੍ਰਧਾਨ ਰਾਜ ਕੁਮਾਰ ਰਾਜਾ, ਆੜ੍ਹਤੀ ਜਤਿੰਦਰਪਾਲ ਸਿੰਘ ਬੰਟੀ ਵੱਲੋ ਲੱਡੂ ਵੰਡ ਕੇ ਨਵੀਂ ਆਈ ਝੋਨੇ ਦੀ ਫਸਲ ਦਾ ਮੰਡੀ 'ਚ ਸਵਾਗਤ ਕੀਤਾ ਗਿਆ । ਦਾਣਾ ਮੰਡੀ ਵਿਚ ਕਿਸਾਨ ਬਲਵਿੰਦਰ ਸਿੰਘ ਪਿੰਡ ਤਲਵੰਡੀ ਭੇਲਾ ਦੀ ਝੋਨੇ ਦੀ ਪਹਿਲੀ ਢੇਰੀ ਪਨਗ੍ਰੇਨ ਏਜੰਸੀ ਵੱਲੋ ਆਰਕੇ. ਟਰੇਡਿੰਗ ਕੰਪਨੀ ਵੱਲੋਂ ਖਰੀਦੀ ਗਈ । ਖਰੀਦ ਦੇ ਪਹਿਲੇ ਦਿਨ ਕਰੀਬ 4000 ਕੁਇੰਟਲ ਝੋਨੇ ਦੀ ਖਰੀਦ ਕੀਤੀ ਗਈ । ਰਜਨੀਸ਼ ਰਾਮਪਾਲ ਨੇ ਦੱਸਿਆ ਕਿ ਮੰਡੀ ਵਿਚ ਇਸ ਸੀਜਨ ਕਰੀਬ 11-12 ਲੱਖ ਬੋਰੀ ਝੋਨਾ ਆਉਣ ਦੀ ਉਮੀਦ ਹੈ, ਜਿਸ ਲਈ ਸਮੂਹ ਖਰੀਦ ਏਜੰਸੀਆਂ ਵੱਲੋ ਆੜ੍ਹਤੀਆਂ ਨਾਲ ਤਾਲਮੇਲ ਕਰਕੇ ਪੁਖਤਾ ਪ੍ਰਬੰਧ ਕਰ ਲਏ ਹਨ । ਰਾਮਪਾਲ ਨੇ ਦਸਿਆ ਕਿ ਦਾਣਾ ਮੰਡੀ ਭੋਗਪੁਰ ਵਿਖੇ 22 ਸਤੰਬਰ ਤੋ ਝੋਨੇ ਦੀ ਆਮਦ ਸ਼ੁਰੂ ਹੈ ਅਤੇ ਮਾਰਕੀਟ ਕਮੇਟੀ ਭੋਗਪੁਰ ਅਧੀਨ ਆਉਂਦੇ ਫੋਕਲ ਪੁਆਇੰਟ 'ਚ ਝੋਨੇ ਦੀ ਆਮਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਨਗ੍ਰੇਨ, ਪਨਸਪ ਅਤੇ ਮਾਰਕਫੈਡ ਏਜੰਸੀਆਂ ਵੱਲੋ ਇਸ ਸਾਲ ਝੋਨੇ ਦੀ ਖਰੀਦ ਕੀਤੀ ਜਾਵੇਗੀ । ਉਨਾ ਕਿਹਾ ਕਿ ਮੰਡੀ ਅਤੇ ਫੋਕਲ ਪੁਆਇੰਟਾਂ 'ਚ ਕਿਸਾਨਾਂ ਦੇ ਲਈ ਪੀਣਯੋਗ ਪਾਣੀ ਅਤੇ ਹੋਰ ਸਹੂਲਤਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਨਾ ਸਾਹਮਣਾ ਕਰਨਾ ਪਵੇ । ਉਨਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿਚ ਝੋਨੇ ਦੀ ਫਸਲ ਨੂੰ ਸੁੱਕਾ ਕੇ ਲਿਆਉਣ ਤਾਂਕਿ ਲਿਫਟਿੰਗ 'ਚ ਕੋਈ ਮੁਸ਼ਕਿਲ ਨਾ ਆਵੇ । ਇਸ ਮੌਕੇ ਆੜ੍ਹਤੀ ਰਾਜ ਕੁਮਾਰ ਭੱਲਾ, ਜਸਪਾਲ ਸੁਖੀਜਾ, ਮੋਹਣ ਭੰਡਾਰੀ ਅਤੇ ਕਿਸਾਨ ਹਾਜ਼ਰ ਸਨ।