ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਫੂਡ ਸੇਫਟੀ ਐਂਡ ਸਟੈਂਡਰਡਜ ਅਥਾਰਟੀ ਆਫ ਇੰਡੀਆ ਅਧੀਨ ਸਿਹਤ ਅਤੇ ਪਰਿਵਾਰ ਭਲਾਈ, ਭਾਰਤ ਸਰਕਾਰ ਵੱਲੋਂ 'ਫੂਡ ਬਿਜਨਸ ਅਪ੍ਰਰੇਟਰਾਂ' ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਲੋਕਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦਿਆਂ ਸਹੀ ਸੁਰੱਖਿਅਤ ਤੇ ਸਾਫ ਸੁਥਰਾ ਫੂਡ ਪ੍ਰਦਾਨ ਕੀਤਾ ਜਾਵੇ। ਇਸ ਸਬੰਧੀ ਡਾ. ਸੁਰਿੰਦਰ ਸਿੰਘ ਨਾਂਗਲ ਜ਼ਿਲ੍ਹਾ ਸਿਹਤ ਅਫਸਰ ਨੇ ਕਿਹਾ ਕਿ ਜ਼ਿਲ੍ਹੇ 'ਚ ਮਠਿਆਈਆ ਵਾਲੀਆਂ ਦੁਕਾਨਾਂ 'ਤੇ ਖੁੱਲੀ ਰੱਖੀ ਹਰ ਤਰ੍ਹਾਂ ਦੀ ਮਠਿਆਈ ਵਾਲੀ ਟਰੇਅ 'ਤੇ ਮਠਿਆਈ ਬਣਾਉਣ ਦੀ ਤਰੀਕ (ਮੈਨੂਫੈਕਚਰਿੰਗ ਡੇਟ) ਅਤੇ ਮਿਆਦ ਪੁੱਗਣ ਵਾਲੀ ਤਰੀਕ (ਐਕਸਪਾਇਰੀ ਡੇਟ) ਭਾਵ ਉਹ ਮਠਿਆਈ ਕਦੋਂ ਤਕ ਵਰਤੀ ਜਾ ਸਕਦੀ ਹੈ, ਲਿਖੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕਿਹਾ ਕਿ ਸਰੋਂ ਦੇ ਤੇਲ ਨੂੰ ਹੋਰ ਖਾਣਯੋਗ ਤੇਲਾਂ 'ਚ ਮਿਕਸ ਕਰ ਕੇ ਵਰਤੋਂ ਕਰਨ 'ਤੇ ਵੀ ਸਰਕਾਰ ਵੱਲੋਂ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਦੋਵੇਂ ਜ਼ਰੂਰੀ ਹਦਾਇਤਾਂ ਇਕ ਅਕਤੂਬਰ ਤੋਂ ਲਾਗੂ ਹੋ ਜਾਣਗੀਆਂ। ਉਨ੍ਹਾਂ ਸਮੂਹ ਫੂਡ ਬਿਜਨਸ ਅਪ੍ਰਰੇਟਰਾਂ ਨੂੰ ਹਦਾਇਤ ਹੈ ਕਿ ਕਮਿਸ਼ਨ ਆਫ ਫੂਡ ਵੱਲੋਂ ਕੀਤੀਆਂ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ। ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਨ ਵੇਲੇ ਇਸਤੇਮਾਲ ਕੀਤਾ ਜਾਣ ਵਾਲਾ ਸਾਮਾਨ ਵਧੀਆ ਕੁਆਲਟੀ ਦਾ ਹੋਵੇ ਤੇ ਮਿਆਦ ਪੁੱਗੀ ਵਾਲਾ ਨਾ ਹੋਵੇ। ਖਾਣ ਪੀਣ ਵਾਲੇ ਪਦਾਰਥਾਂ ਨੂੰ ਤਲਣ ਲਈ ਇਸਤੇਮਾਲ ਕੀਤਾ ਜਾਣ ਵਾਲਾ ਤੇਲ ਸਮੇਂ-ਸਮੇਂ 'ਤੇ ਬਦਲਿਆ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਖਾਣ-ਪੀਣ ਵਾਲੀ ਚੀਜ਼ ਖਰੀਦਣ ਤੋਂ ਪਹਿਲਾਂ ਉਸ ਦੀ ਮਿਆਦ ਪੁੱਗੀ ਤਰੀਕ ਦਾ ਲੋਗੋ ਚੈੱਕ ਕਰ ਲਿਆ ਜਾਵੇ।