ਜਤਿੰਦਰ ਪੰਮੀ, ਜਲੰਧਰ : ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਕਰਵਾਏ ਗਏ ਸਮਾਗਮ ਦੌਰਾਨ ਝੰਡਾ ਲਹਿਰਾਉਣ ਦੀ ਰਸਮ ਸੂਬੇ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਨਿਭਾਈ ਗਈ। ਕੋਰੋਨਾ ਕਾਲ ਤੋਂ ਬਾਅਦ ਪਹਿਲੀ ਵਾਰ ਧੂਮਧਾਮ ਨਾਲ ਮਨਾਏ ਗਏ ਆਜ਼ਾਦੀ ਦਿਵਸ ਮੌਕੇ ਸਟੇਡੀਅਮ ਵਿਚ ਵੱਡੀ ਗਿਣਤੀ ਵਿਚ ਸਕੂਲੀ ਵਿਦਿਆਰਥੀਆਂ ਤੋਂ ਇਲਾਵਾ ਪ੍ਰਮੁੱਖ ਸਖ਼ਸ਼ੀਅਤਾਂ ਪੁੱਜੀਆਂ ਹੋਈਆਂ ਹਨ।

ਮੁੱਖ ਮਹਿਮਾਨ ਨੇ ਝੰਡਾ ਲਹਿਰਾਉਣ ਤੋਂ ਬਾਅਦ ਪਰੇਡ ਦਾ ਨਿਰੀਖਣ ਕੀਤਾ। ਇਸ ਉਪਰੰਤ ਮੁੱਖ ਮਹਿਮਾਨ ਡਾ ਇੰਦਰਬੀਰ ਸਿੰਘ ਨਿੱਝਰ ਨੇ ਆਪਣੇ ਸੰਬੋਧਨ ਦੌਰਾਨ ਅਜਨਾਲਾ ਵਿਖੇ 1857 ਦੇ ਗਦਰ ਦੌਰਾਨ ਸ਼ਹੀਦ ਕੀਤੇ ਗਏ ਭਾਰਤ ਦੇ ਗਦਰ ਕਰਨ ਵਾਲੇ ਫੌਜੀਆਂ ਨੂੰ ਕਾਲਿਆਂ ਵਾਲੇ ਖੂਹ ਵਿਚ ਸ਼ਹੀਦ ਹੋਏ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹਨ। ਆਪਣੀ ਸਰਕਾਰ ਵੱਲੋਂ ਪਾਸ ਕੀਤੇ ਇਕ ਵਿਧਾਇਕ ਇਕ ਪੈਨਸ਼ਨ ਬਿੱਲ ਬਾਰੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ ਕਰੋੜਾਂ ਰੁਪਏ ਦੀ ਬੱਚਤ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜ ਮਹੀਨੇ ਦੇ ਕਾਰਜਕਾਲ ਦੌਰਾਨ ਕਰਵਾਏ ਗਏ ਕੰਮਾਂ ਦਾ ਜ਼ਿਕਰ ਕੀਤਾ। ਮੰਤਰੀ ਨੇ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਕੋਲੋਂ ਪੜ੍ਹਾਈ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਲਿਆ ਜਾਵੇਗਾ।

ਮੁਖ ਮਹਿਮਾਨ ਨੇ ਆਪਣੇ ਸੰਬੋਧਨ ਦੌਰਾਨ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਵਿਚ ਪ੍ਰਸ਼ਾਸਨਿਕ ਸੁਧਾਰਾਂ ਤੋਂ ਇਲਾਵਾ ਰਸੂਖਦਾਰ ਲੋਕਾਂ ਵੱਲੋਂ ਪੰਚਾਇਤੀ ਜ਼ਮੀਨਾਂ ਉਪਰ ਕੀਤੇ ਕਬਜ਼ੇ ਛੁਡਵਾ ਕੇ ਵੱਡਾ ਕੰਮ ਕੀਤਾ ਹੈ।

ਇਸ ਉਪਰੰਤ ਪਰੇਡ ਵਿਚ ਸ਼ਾਮਲ ਵੱਖ ਵੱਖ ਟੁਕੜੀਆਂ ਨੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ। ਇਸ ਪਰੇਡ ਦੀ ਅਗਵਾਈ ਏਸੀਪੀ ਨਾਰਥ ਸਿੰਗਲਾ ਵੱਲੋਂ ਕੀਤੀ ਗਈ। ਪਰੇਡ ਤੋਂ ਸਲਾਮੀ ਲੈਣ ਤੋਂ ਬਾਅਦ ਮੁੱਖ ਮਹਿਮਾਨ ਨੇ ਆਜ਼ਾਦੀ ਘੁਲਾਟੀਏ ਜਵਾਹਰ ਲਾਲ ਨੂੰ ਸਨਮਾਨਿਤ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਸਕੂਲੀ ਵਿਦਿਆਰਥੀਆਂ ਨੇ ਪੀਟੀ ਸ਼ੋਅ ਦਾ ਸ਼ਾਨਦਾਰ ਢੰਗ ਨਾਲ ਪ੍ਰਦਰਸ਼ਨ ਕਰਕੇ ਸਟੇਡੀਅਮ ਵਿਚ ਦੇਸ਼ ਭਗਤੀ ਦਾ ਮਾਹੌਲ ਸਿਰਜ ਦਿੱਤਾ।

Posted By: Jaswinder Duhra