ਰਾਜ ਕੁਮਾਰ ਨੰਗਲ, ਫਿਲੌਰ

ਪਿਛਲੀ ਸਰਕਾਰ ਵੱਲੋਂ ਕੀਤੇ ਕਰਜ਼ੇ ਮਾਫ਼ੀ ਦਾ ਫਾਇਦਾ ਉਨ੍ਹਾਂ ਮਜ਼ਦੂਰ ਪਰਿਵਾਰਾਂ ਨੂੰ ਨਹੀਂ ਮਿਲਿਆ, ਜਿਨਾਂ੍ਹ ਸੁਸਾਇਟੀਆਂ ਨੇ ਆਪਣੇ ਕੋਲ ਪਏ ਫੰਡਾਂ 'ਚੋਂ ਕਰਜ਼ਾ ਦਿੱਤਾ ਸੀ। ਜਿਹੜੀਆਂ ਖੇਤੀਬਾੜੀ ਸੁਸਾਇਟੀਆਂ ਨੇ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲੈ ਕੇ ਦਿੱਤਾ ਸੀ, ਉਨ੍ਹਾਂ ਸੁਸਾਇਟੀ ਦੇ ਮੈਂਬਰਾਂ ਦਾ ਕਾਫੀ ਹੱਦ ਤਕ ਕਰਜ਼ਾ ਮਾਫ ਹੋ ਗਿਆ ਸੀ।

ਅਜਿਹਾ ਹੀ ਮਾਮਲਾ ਪਿੰਡ ਲੋਹਗੜ੍ਹ ਦਾ ਸਾਹਮਣੇ ਆਇਆ, ਜਿਥੇ ਮਜ਼ਦੂਰਾਂ ਨੂੰ ਕਰਜ਼ਾ ਵਾਪਸ ਕਰਨ ਦੇ ਹੁਣ ਨੋਟਿਸ ਮਿਲੇ ਹਨ। ਇਸ ਸਬੰਧੀ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਨੇ ਮੰਗਲਵਾਰ ਇਥੇ ਦੱਸਿਆ ਕਿ ਮਜ਼ਦੂਰ ਪਰਿਵਾਰਾਂ 'ਚੋਂ ਕੁੱਝ ਕੁ ਨੇ ਉਸ ਵੇਲੇ ਲਏ ਕਰਜ਼ੇ ਦੇ ਪੈਸੇ ਵਾਪਸ ਕਰਨੇ ਵੀ ਚਾਹੇ ਪਰ ਮਾਫੀ ਦੀ ਆਸ ਕਾਰਨ ਪੈਸੇ ਜਮ੍ਹਾਂ ਨਾ ਕਰਵਾਏ ਗਏ। ਹੁਣ ਵਿਆਜ ਵਧਣ ਦੇ ਨਾਲ-ਨਾਲ ਨੋਟਿਸ ਆਉਣ ਨਾਲ ਲੋਕਾਂ ਦੇ ਸਾਹ ਸੂਤੇ ਗਏ। ਰੰਧਾਵਾ ਨੇ ਅੱਗੇ ਕਿਹਾ ਕਿ ਤਹਿਸੀਲ ਭਰ ਦੀਆਂ ਡੇਢ ਦਰਜਨ ਸੁਸਾਇਟੀਆਂ ਨਾਲ ਜੁੜੇ ਹੋਏ ਮਜ਼ਦੂਰਾਂ ਦਾ ਕੋਈ ਕਸੂਰ ਨਹੀਂ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਨ ਵੇਲੇ ਪਿੰਡ ਲੋਹਗੜ ਦੇ ਸਰਪੰਚ ਅਮਰੀਕ ਸਿੰਘ ਤੋਂ ਇਲਾਵਾ ਪੀੜਤ ਮੀਕਾ, ਝਲਮਨ ਰਾਮ, ਭਜਨ ਚੰਦ ਵੀ ਹਾਜ਼ਰ ਸਨ। ਇਸ ਮੌਕੇ ਰੰਧਾਵਾ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਸਹੂਲਤ ਹਰ ਲੋੜਵੰਦ ਦਰਵਾਜ਼ੇ ਤਕ ਪੁੱਜਣ ਦੀ ਥਾਂ ਰਸਤੇ 'ਚ ਹੀ ਦਮ ਤੋੜ ਗਈ। ਉਨ੍ਹਾਂ ਕਿਹਾ ਕਿ ਸੁਸਾਇਟੀਆਂ ਵਲੋਂ ਇਸ ਵੇਲੇ ਨਵੇਂ ਖਾਤੇ ਨਹੀਂ ਖੋਲ੍ਹੇ ਜਾ ਰਹੇ ਤੇ ਕਰਜ਼ੇ ਦੀ ਗਾਰੰਟੀ ਕਿਸਾਨਾਂ ਦੀ ਪੁਆਉਣ ਦੀ ਸ਼ਰਤ ਰੱਖੀ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਰੰਧਾਵਾ ਨੇ ਕਿਹਾ ਕਿ ਅਗਲੇ ਹਫ਼ਤੇ ਪੀੜਤਾਂ ਦਾ ਇਕੱਠ ਕਰਕੇ ਸਰਕਾਰ ਦੇ ਕੰਨਾਂ ਤੱਕ ਅਵਾਜ਼ ਪਹੁੰਚਾਈ ਜਾਵੇਗੀ ਤਾਂ ਜੋ ਪਰਿਵਾਰਾਂ ਨੂੰ ਰਾਹਤ ਮਿਲ ਸਕੇ।