ਜਤਿੰਦਰ ਪੰਮੀ, ਜਲੰਧਰ : ਪਿਛਲੇ ਕਰੀਬ ਦੋ ਸਾਲਾਂ ਤੋਂ ਕੋਰੋਨਾ ਮਹਾਮਾਰੀ ਦੇ ਸਾਏ ਹੇਠ ਜੀਅ ਰਹੇ ਪੰਜਾਬੀਆਂ ਦੇ ਮੁਰਝਾਏ ਚਿਹਰਿਆਂ 'ਤੇ ਖੁਸ਼ੀ ਖੇੜਾ ਪਰਤਾ ਗਿਆ ਪੰਜਾਬੀ ਲੋਕ ਨਾਚ ਭੰਗੜਾ। ਮੌਕਾ ਸੀ ਲਾਇਲਪੁਰ ਖ਼ਾਲਸਾ ਕਾਲਜ ਵੱਲੋਂ ਕਰਵਾਏ ਗਏ ਦੋ ਦਿਨਾ ਭੰਗੜਾ ਵਰਲਡ ਕੱਪ ਦੇ ਦੂਜੇ ਦਿਨ ਆਫਲਾਈਨ ਮੰਚ 'ਤੇ ਹੋਏ ਮੁਕਾਬਲਿਆਂ ਦਾ। ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਏ ਭੰਗੜਾ ਵਰਲਡ ਕੱਪ ਦੇ ਦੂਜੇ ਦਿਨ ਭਾਰਤ/ਪੰਜਾਬ ਦੀਆਂ 11 ਟੀਮਾਂ ਦੇ ਮੁਕਾਬਲੇ ਹੋਏ। ਇਸ ਮੌਕੇ ਉਚੇਰੀ ਸਿੱਖਿਆ, ਸਕੂਲ ਸਿੱਖਿਆ ਯੁਵਕ ਤੇ ਸਪੋਰਟਸ ਮਾਮਲੇ ਅਤੇ ਐੱਨਆਰਆਈਜ਼ ਮਾਮਲੇ ਮੰਤਰੀ ਪਦਮਸ਼੍ਰੀ ਪਰਗਟ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦਾ ਸਵਾਗਤ ਜਸਪਾਲ ਸਿੰਘ ਵੜੈਚ ਸੰਯੁਕਤ ਸਕੱਤਰ ਗਵਰਨਿੰਗ ਕੌਂਸਲ ਅਤੇ ਪਿੰ੍ਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੀਤਾ। ਪਿੰ੍ਸੀਪਲ ਡਾ. ਸਮਰਾ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਸਾਨੂੰ ਇਹ ਮਾਣ ਹਾਸਲ ਹੈ ਕਿ ਅੱਜ ਦੇ ਮੁੱਖ ਮਹਿਮਾਨ ਪਰਗਟ ਸਿੰਘ ਸਾਡੀ ਸੰਸਥਾ ਦੇ ਪੁਰਾਣੇ ਵਿਦਿਆਰਥੀ ਤੇ ਖਿਡਾਰੀ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਹ ਖੁਸ਼ੀ ਹੈ ਕਿ ਪਰਗਟ ਸਿੰਘ ਉਚੇਰੀ ਸਿੱਖਿਆ ਦੇ ਮੰਤਰੀ ਬਣੇ ਹਨ। ਇਸ ਨਾਲ ਇਸ ਖੇਤਰ 'ਚ ਲੋੜੀਂਦੇ ਵਿਕਾਸ ਦੀ ਭਰਪੂਰ ਆਸ ਬੱਝੀ ਹੈ। ਉਨ੍ਹਾਂ ਇਸ ਮੌਕੇ ਭੰਗੜਾ ਵਰਲਡ ਕੱਪ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਸ਼ੱੁਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅੱਜ ਭੰਗੜਾ ਦੁਨੀਆ ਦੀ ਖਿੱਚ ਦਾ ਕੇਂਦਰ ਬਣਿਆ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਭਿਆਨਕ ਦੌਰ 'ਚੋਂ ਨਿਕਲ ਕੇ ਅੱਜ ਖੁੱਲ੍ਹੇ ਮੈਦਾਨਾਂ ਤੇ ਆਡੀਟੋਰੀਅਮ 'ਚ ਭੰਗੜਾ ਕਲਾਕਾਰ ਜੁੜੇ ਹਨ, ਜਿਸ ਸਦਕਾ ਕਾਲਾਕਾਰਾਂ 'ਚ ਅਥਾਹ ਜੋਸ਼ ਹੈ। ਉਨ੍ਹਾਂ ਕਿਹਾ ਕਿ ਭੰਗੜੇ ਪ੍ਰਤੀ ਇਹ ਜੋਸ਼ ਸਮੁੱਚੇ ਵਿਸ਼ਵ 'ਚ ਠਾਠਾਂ ਮਾਰ ਰਿਹਾ ਹੈ। ਇਸ ਮੌਕੇ ਡਾ. ਇੰਦਰਜੀਤ ਸਿੰਘ ਨੂੰ ਯਾਦ ਕਰਦਿਆਂ ਯਾਦਗਾਰੀ ਪੱਤਰ ਅਤੇ ਸਨਮਾਨ ਚਿੰਨ੍ਹ ਉਨ੍ਹਾਂ ਦੀ ਪੁੱਤਰੀ ਪੋ੍. ਏਕਜੋਤ ਕੌਰ ਨੇ ਪ੍ਰਰਾਪਤ ਕੀਤਾ। ਇਸ ਤੋਂ ਇਲਾਵਾ ਲਾਈਫਟਾਈਮ ਅਚੀਵਮੈਂਟ ਐਵਾਰਡ ਪੰਜਾਬੀ ਲੋਕ ਨਾਚ ਭੰਗੜੇ ਦੀ ਪ੍ਰਫੁੱਲਿਤਾ ਲਈ ਲੋਕ ਗਾਇਕ ਸਰਬਜੀਤ ਸਿੰਘ ਚੀਮਾ ਅਤੇ ਪ੍ਰਸਿੱਧ ਭੰਗੜਾ ਕਲਾਕਾਰ ਤੇ ਭੰਗੜਾ ਨਿਰਦੇਸ਼ਕ ਜਗਦੀਪ ਸਿੰਘ ਗੋਗਾ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਕੈਟੇਗਰੀ ਸੀ-2 ਦੇ ਮੁਕਾਬਲੇ ਹੋਏ, ਜਿਸ 'ਚ ਭਾਰਤ ਦੀਆਂ 11 ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ 'ਚ ਰੀਅਲ ਫੋਕ ਭੰਗੜਾ ਅਕੈਡਮੀ, ਜੀਐੱਚਜੀ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਲੁਧਿਆਣਾ, ਫੋਕ ਆਰਟ ਲਵਰ ਅਕੈਡਮੀ ਚੰਡੀਗੜ੍ਹ, ਅਣਖੀ ਮੁਟਿਆਰਾਂ ਜੀਐੱਨਈ ਲੁਧਿਆਣਾ, ਗੁਰੂੁ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ, ਸਿੰਘ ਇੰਟਰਨੈਸ਼ਨਲ ਕਲਚਰਲ ਅਕੈਡਮੀ, ਚੰਡੀਗੜ੍ਹ ਯੂਨੀਵਰਸਿਟੀ, ਭੰਗੜਾ ਕਿੰਗਜ਼ ਯੂਥ ਵੈੱਲਫੇਅਰ ਕਲੱਬ ਅੰਮਿ੍ਤਸਰ, ਖ਼ਾਲਸਾ ਕਾਲਜ ਅੰਮਿ੍ਤਸਰ, ਖ਼ਾਲਸਾ ਕਾਲਜ ਦਿੱਲੀ (ਗੈਸਟ ਪਰਫਾਰਮੈਂਸ) ਟੀਮਾਂ ਸ਼ਾਮਲ ਹਨ।

ਸ਼ਾਮ ਦੇ ਸਮੇਂ ਪਰਮਿੰਦਰ ਸਿੰਘ ਹੀਰ ਐੱਸਪੀ ਰੂਰਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਪਿੰ੍ਸੀਪਲ ਡਾ. ਸਮਰਾ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਮੁੱਖ ਮਹਿਮਾਨ ਨੇ ਭੰਗੜਾ ਵਰਲਡ ਕੱਪ ਲਈ ਕਾਲਜ ਨੂੰ ਵਧਾਈ ਦਿੱਤੀ। ਇਨ੍ਹਾਂ ਭੰਗੜਾ ਮੁਕਾਬਲਿਆਂ ਵਿਚ ਕੈਟੇਗਰੀ -2 ਵਿਚ ਪਹਿਲਾ ਸਥਾਨ ਚੰਡੀਗੜ੍ਹ ਯੂਨੀਵਰਸਿਟੀ, ਦੂਜਾ ਸਥਾਨ ਜੀਐੱਨਈ ਲੁਧਿਆਣਾ ਤੇ ਤੀਜਾ ਸਥਾਨ ਸਾਂਝੇ ਤੌਰ 'ਤੇ ਜੀਐੱਚਜੀ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਲੁਧਿਆਣਾ ਅਤੇ ਸਿੰਘ ਇੰਟਰਨੈਸ਼ਨਲ ਕਲਚਰਲ ਅਕੈਡਮੀ ਨੇ ਹਾਸਲ ਕੀਤਾ।

ਇਸ ਮੌਕੇ ਭੰਗੜਾ ਵਰਲਡ ਕੱਪ ਲਈ ਭਰਪੂਰ ਸਹਿਯੋਗ ਦੇਣ ਬਦਲੇ ਅਤੇ ਲੋਕ ਨਾਚ ਦੀ ਪ੍ਰਫੁੱਲਿਤਾ ਲਈ ਕੰਮ ਕਰਨ ਬਦਲੇ ਉਸਤਾਦ ਭੰਗੜਾ ਕਲਾਕਾਰਾਂ ਅਤੇ ਭੰਗੜਾ ਪੇ੍ਮਿਆਂ ਨੂੰ ਐਵਾਰਡ ਆਫ ਆਨਰ ਅਤੇ ਐਵਾਰਡ ਐਪਰੀਸਿਏਸ਼ਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਭੰਗੜਾ ਵਰਲਡ ਕੱਪ ਦਾ ਸਿੱਧਾ ਪ੍ਰਸਾਰਣ ਕਾਲਜ ਦੇ ਯੂਟਿਊਬ ਚੈਨਲ ਤੇ ਫੇਸਬੁੱਕ ਪੇਜ ਤੋਂ ਇਲਾਵਾ ਚੈਨਲਾਂ 'ਤੇ ਕੀਤਾ ਗਿਆ। ਡਾ. ਸਮਰਾ ਨੇ ਸਮੂਹ ਜੇਤੂ ਟੀਮਾਂ ਨੂੰ ਵਧਾਈ ਦਿੱਤੀ। ਭੰਗੜਾ ਵਰਲਡ ਕੱਪ ਦੌਰਾਨ ਮੰਚ ਸੰਚਾਲਨ ਡਾ. ਸੁਰਿੰਦਰ ਪਾਲ ਮੰਡ ਤੇ ਡਾ. ਉਪਮਾ ਅਰੋੜਾ ਨੇ ਬਾਖੂਬੀ ਕੀਤਾ। ਅੰਤ ਵਿਚ ਪੋ੍. ਜਸਰੀਨ ਕੌਰ ਡੀਨ ਅਕਾਦਮਿਕ ਅਫੇਅਰਜ਼ ਨੇ ਮੁੱਖ ਮਹਿਮਾਨ ਗਵਰਨਿੰਗ ਕੌਂਸਲ ਅਤੇ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦਲਵਿੰਦਰ ਦਿਆਲਪੁਰੀ ਅਤੇ ਹੋਰ ਕਲਾਕਾਰਾਂ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਵੀ ਹਾਜ਼ਰ ਸਨ।