ਪ੍ਰਿਤਪਾਲ ਸਿੰਘ, ਸ਼ਾਹਕੋਟ : ਪਿਛਲੇ ਦਿਨੀਂ ਗਲਵਾਨ ਘਾਟੀ ਵਿਖੇ ਚੀਨ ਵਲੋਂ ਭਾਰਤ ਦੇ 20 ਜਵਾਨਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਚੀਨ ਨੂੰ ਜਵਾਬ ਦੇਣ ਲਈ ਜਿੱਥੇ ਸੁਰੱਖਿਆ ਬਲਾਂ ਨੂੰ ਚੀਨ ਨਾਲ ਟੱਕਰ ਲੈਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਸਨ ਉੱਥੇ ਹੀ ਗ੍ਰਹਿ ਮੰਤਰਾਲੇ ਨੇ ਵੱਡਾ ਕਦਮ ਚੁੱਕਦਿਆਂ ਟਿਕਟਾਕ ਸਮੇਤ 59 ਚੀਨੀ ਐਪਲੀਕੇਸ਼ਨਾਂ ਨੂੰ ਭਾਰਤ 'ਚ ਬੈਨ ਕਰਨ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਐਪਸ ਨੂੰ ਪਲੇਅ ਸਟੋਰ 'ਤੇ ਐਪ ਸਟੋਰ ਤੋਂ ਹਟਾ ਲਿਆ ਗਿਆ ਸੀ।

ਇਸ ਦਰਮਿਆਨ ਇਕ ਵੱਡੀ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਇਨ੍ਹਾਂ ਐਪਸ ਨੂੰ ਬੈਨ ਕਰਨ ਤੋਂ ਬਾਅਦ ਵੀ ਕਈ ਚੀਨੀ ਐਪਸ ਦੇ ਲਾਈਟ ਵਰਜ਼ਨ ਪਲੇਅ ਸਟੋਰ 'ਤੇ ਮੌਜੂਦ ਹਨ। ਚੀਨ ਵਲੋਂ ਤਿਆਰ ਕੀਤੀ ਗਈ ਐਪ 'ਲਾਈਕੀ' ਨੂੰ ਭਾਰਤ ਸਰਕਾਰ ਵਲੋਂ ਬੈਨ ਕਰ ਦਿੱਤਾ ਗਿਆ ਸੀ ਪਰ ਉਸ ਐਪ ਦਾ ਲਾਈਟ ਵਰਜ਼ਨ ਅਜੇ ਵੀ ਪਲੇਅ ਸਟੋਰ 'ਤੇ ਮੌਜੂਦ ਹੈ। ਇਸ ਨੂੰ ਦੁਨੀਆ ਦੇ ਕਰੀਬ 50 ਮਿਲੀਅਨ ਤੋਂ ਵੱਧ ਲੋਕਾਂ ਨੇ ਡਾਊਨਲੋਡ ਕੀਤਾ ਹੋਇਆ ਹੈ। ਇਸ ਤੋਂ ਇਲਾਵਾ 'ਬਿਗੋ' ਨੂੰ ਵੀ ਭਾਰਤ ਸਰਕਾਰ ਨੇ ਬੈਨ ਕੀਤਾ ਹੋਇਆ ਹੈ ਪਰ ਉਸ ਦਾ ਲਾਈਟ ਵਰਜ਼ਨ ਪਲੇਅ ਸਟੋਰ 'ਤੇ ਮੌਜੂਦ ਹੈ। ਇਨ੍ਹਾਂ ਐਪਸ ਤੋਂ ਇਲਾਵਾ ਵੀਵਾ ਵੀਡੀਓ, ਹੈਗੋ ਤੇ ਪੈਰਲਲ ਸਪੇਸ ਦੇ ਲਾਈਟ ਵਰਜ਼ਨ ਵੀ ਪਲੇਅ ਸਟੋਰ 'ਤੇ ਮੌਜੂਦ ਹਨ। ਇਨ੍ਹਾਂ ਨੂੰ ਲੱਖਾਂ ਹੀ ਲੋਕਾਂ ਨੇ ਡਾਊਨਲੋਡ ਕੀਤਾ ਹੋਇਆ ਹੈ ਤੇ ਉਸ ਦਾ ਇਸਤੇਮਾਲ ਹੋ ਰਿਹਾ ਹੈ। ਭਾਰਤ ਸਰਕਾਰ ਵਲੋਂ ਟਿਕਟਾਕ ਨੂੰ ਵੀ ਬੈਨ ਕਰ ਦਿੱਤਾ ਗਿਆ ਹੈ ਪਰ ਕਈ ਲੋਕ ਐਪ ਦੀ ਭਾਸ਼ਾ ਬਦਲ ਕੇ ਅਜੇ ਵੀ ਉਸ ਦਾ ਪਹਿਲਾਂ ਦੀ ਤਰ੍ਹਾਂ ਹੀ ਇਸਤੇਮਾਲ ਕਰ ਰਹੇ ਹਨ।

Posted By: Seema Anand