ਰਾਕੇਸ਼ ਗਾਂਧੀ, ਜਲੰਧਰ : ਟੋਕੀਓ 2020 (ਜਾਪਾਨ) ਵਿਚ ਹੋਈਆਂ ਉਲੰਪਿਕ ਖੇਡਾਂ ਵਿਚ ਭਾਰਤ ਨੂੰ ਹਾਕੀ ਖੇਡ 'ਚ ਕਾਂਸੇ ਦਾ ਮੈਡਲ ਦਿਵਾਉਣ ਵਾਲੇ ਜ਼ਿਲ੍ਹਾ ਜਲੰਧਰ ਦੇ ਖਿਡਾਰੀ ਮਨਪ੍ਰਰੀਤ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ ਅਤੇ ਹਾਰਦਿਕ ਸਿੰਘ ਨੂੰ ਸਨਮਾਨਿਤ ਕਰਨ ਲਈ ਅੱਜ ਇਕ ਸਮਾਰੋਹ ਮਿੱਠਾਪੁਰ 'ਚ ਸਥਿਤ ਦਰਸ਼ਨ ਸਿੰਘ ਕੇਪੀ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਮੌਕੇ ਭਾਰਤੀ ਜੀਵਨ ਬੀਮਾ ਨਿਗਮ ਵੱਲੋਂ ਇਨ੍ਹਾਂ ਚਾਰਾਂ ਖਿਡਾਰੀਆਂ ਨੂੰ 25-25 ਲੱਖ ਰੁਪਏ ਦੇ ਚੈੱਕ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਮੰਡਲ ਪ੍ਰਬੰਧਕ ਕਪੂਰ ਸਿੰਘ ਨੇ ਦੱਸਿਆ ਕਿ ਐੱਲਆਈਸੀ ਕੰਪਨੀ ਵੱਲੋਂ ਜਲੰਧਰ ਜ਼ਿਲ੍ਹੇ ਦੇ ਇਨ੍ਹਾਂ ਚਾਰ ਖਿਡਾਰੀਆਂ ਨੂੰ 25-25 ਲੱਖ ਦੇ ਚੈੱਕ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਐੱਲਆਈਸੀ ਵੱਲੋਂ ਹਾਕੀ ਦੀ ਸਾਰੀ ਟੀਮ ਨੂੰ ਪੂਰੇ ਭਾਰਤ ਵਿਚ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੱਜ ਬਹੁਤ ਫਖਰ ਮਹਿਸੂਸ ਹੋ ਰਿਹਾ ਹੈ ਕਿ ਉਹ ਇੰਨੇ ਵੱਡੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਆਏ ਹਨ।

ਉਨ੍ਹਾਂ ਕਿਹਾ ਕਿ ਓਲੰਪਿਕ ਵਿਚ ਮੈਡਲ ਜਿੱਤ ਕੇ ਇਨ੍ਹਾਂ ਖਿਡਾਰੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਵੱਡੇ ਖਿਡਾਰੀ ਸਿਰਫ ਵੱਡੇ ਸ਼ਹਿਰਾਂ ਵਿਚ ਹੀ ਨਹੀਂ ਪੈਦਾ ਹੁੰਦੇ, ਇਹ ਛੋਟੇ ਛੋਟੇ ਪਿੰਡਾਂ ਵਿਚ ਵੀ ਹੋ ਸਕਦੇ ਹਨ। ਉਨ੍ਹਾਂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਭਵਿੱਖ ਵਿਚ ਵੀ ਵਧੀਆ ਪ੍ਰਦਰਸ਼ਨ ਕਰ ਕੇ ਦੇਸ਼ ਦਾ ਨਾਂ ਰੋਸ਼ਨ ਕਰਨਗੇ ਅਤੇ ਨੌਜਵਾਨਾਂ ਲਈ ਪੇ੍ਰਰਨਾਸਰੋਤ ਬਣਨਗੇ। ਇਸ ਮੌਕੇ ਵਿਧਾਇਕ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਨੇ ਵੀ ਇਨ੍ਹਾਂ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਭਾਰਤੀ ਜੀਵਨ ਬੀਮਾ ਨਿਗਮ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਕੌਂਸਲਰ ਪਵਨ ਕੁਮਾਰ, ਕੌਂਸਲਰ ਬਲਰਾਜ ਠਾਕੁਰ, ਭਾਰਤੀ ਜੀਵਨ ਬੀਮਾ ਨਿਗਮ ਜਲੰਧਰ ਮੰਡਲ ਦੇ ਰਾਕੇਸ਼ ਸਿੰਘ, ਵਿਨੋਦ ਕੁਮਾਰ, ਪਵਨ ਕੁਮਾਰ ਅਤੇ ਰਾਜੇਂਦਰ ਕੌਸ਼ਲ ਵੀ ਮੌਜੂਦ ਸਨ।