ਜਲੰਧਰ, ਵੈਬ ਡੈਸਕ : ਮੋਗਾ ਦੇ ਡੀਸੀ ਦਫਤਰ 'ਤੇ ਖਾਲਿਸਤਾਨ ਪੱਖੀ ਝੰਡਾ ਲਹਿਰਾਏ ਜਾਣ ਦੇ ਮਾਮਲੇ ਦਾ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ। ਅੱਜ ਦੇਰ ਸ਼ਾਮ ਸ਼ੋਸ਼ਲ ਮੀਡੀਆ ਉੱਤੇ ਲਾਈਵ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਖਸ ਫਾਰ ਜਸਟਿਸ ਦਾ ਆਗੂ ਗੁਰਪਤਵੰਤ ਸਿੰਘ ਪੰਨੂ ਪੰਜਾਬ ਆ ਕੇ ਦਿਖਾਵੇ, ਫਿਰ ਮੈਂ ਦੇਖਦਾ ਹਾਂ ਕਿ ਉਹ ਕੀ ਕਰ ਸਕਦਾ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨ ਨੂੰ ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗੁਰਪਤਵੰਤ ਸਿੰਘ ਪੰਨੂੰ ਪੈਸੇ ਬਣਾਉਣ ਲਈ ਇਹ ਸਭ ਕੁਝ ਕਰਦਾ ਹੈ। ਪੰਜਾਬੀਆਂ ਨੂੰ ਖਾਲੀਸਤਾਨੀ ਪੱਖੀ ਝੰਡੇ ਚੜ੍ਹਾਉਣ ਦਾ ਫਰਮਾਨ ਦੇਣ ਵਾਲਾ ਪੰਨੂੰ ਖੁਦ ਆ ਕੇ ਝੰਡਾ ਕਿਉਂ ਨਹੀਂ ਚੜ੍ਹਾ ਲੈਂਦਾ। ਉਨ੍ਹਾਂ ਕਿਹਾ ਕਿ ਪੰਜਾਬੀ ਅਮਨ ਤੇ ਸ਼ਾਂਤੀ ਨਾਲ ਵਸੇ ਹੋਏ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਅਜਿਹੇ ਮਾੜੇ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਉਣ। ਇਹ ਸਿਰਫ ਪੈਸੇ ਬਣਾਉਣ ਲ਼ਈ ਅਜਿਹੀਆਂ ਗੱਲਾਂ ਕਰਦਾ ਹੈ, ਜੋ ਸ਼ਕਲ ਤੋਂ ਵੀ ਪੰਜਾਬੀ ਨਹੀਂ ਜਾਪਦਾ। ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਦਿਨਕਰ ਗੁਰਤਾ ਨੂੰ ਹੁਕਮ ਦਿੱਤੇ ਕਿ ਮੋਗਾ ਵਿੱਚ ਵਾਪਰੀ ਘਟਨਾ ਵਿੱਚ ਪਛਾਣੇ ਗਏ ਦੋ ਸ਼ਰਾਰਤੀ ਤੱਤਾਂ ਨੂੰ ਛੇਤੀ ਤੋਂ ਛੇਤੀ ਗਿ੍ਰਫਤਾਰ ਕੀਤਾ ਜਾਵੇ ਤਾਂ ਕਿ ਇਨਾਂ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾ ਸਕੇ। ਪੁਲਿਸ ਨੇ ਦੋਵਾਂ ਲਈ 50,000 ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਜਿਨਾਂ ਦੀ ਸੀਸੀਟੀਵੀ ਫੁੱਟੇਜ਼ ਵੀ ਜਾਰੀ ਕੀਤੀ ਗਈ ਹੈ।

ਧਾਰਮਿਕ ਸੰਸਥਾਵਾਂ ਤੇ ਮੁੱਖੀ ਆਪਣਾ ਤੇ ਸੰਗਤ ਦਾ ਕੋਰੋਨਾ ਵਾਇਰਸ ਟੈਸਟ ਜ਼ਰੂਰ ਕਰਵਾਉਣ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁੱਕਰਵਾਰ ਨੂੰ ਆਪਣੇ ਫੇਸਬੁੱਕ ਪੇਜ਼ 'ਤੇ ਲਾਈਵ ਹੋ ਕੇ ਜਿਥੇ ਸੂਬੇ ਦੇ ਲੋਕਾਂ ਦੇ ਸੁਆਲਾਂ ਦੇ ਜਵਾਬ ਦਿੱਤੇ ਉਥੇ ਹੀ ਉਨ੍ਹਾਂ ਨੇ ਸੂਬੇ ਅੰਦਰ ਵੱਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਪ੍ਰਤੀ ਚਿੰਤਾ ਵੀ ਜ਼ਾਹਿਰ ਕੀਤੀ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਬੇਹੱਦ ਲੋੜ ਹੋਵੇ ਤਾਂ ਹੀ ਉਹ ਘਰੋਂ ਬਾਹਰ ਨਿਕਲੇ। ਲੋਕ ਆਪਣਾ ਕੋਰੋਨਾ ਵਾਇਰਸ ਸਬੰਧੀ ਟੈਸਟ ਜ਼ਰੂਰ ਕਰਵਾਉਣ। ਜੇਕਰ ਕਿਸੇ ਨੂੰ ਵੀ ਕੋਰੋਨਾ ਵਾਇਰਸ ਸਬੰਧੀ ਕੋਈ ਲੱਛਣ ਦਿਖਾਈ ਦਿੰਦਾ ਹੈ ਜਾਂ ਕੋਈ ਵੀ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ ਦੇ ਸੰਪਰਕ ਵਿੱਚ ਆਇਆ ਹੋਵੇ ਤਾਂ ਉਹ ਆਪਣਾ ਟੈਸਟ ਜ਼ਰੂਰ ਕਰਵਾਵੇ।

ਕੋਰੋਨਾ ਟੈਸਟ ਕਰਵਾਉਣ ਲਈ ਇਹ ਨਾ ਸੋਚੋ ਲੋਕ ਕੀ ਸੋਚਣਗੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਟੈਸਟ ਕਰਵਾਉਣ ਸਮੇਂ ਡਰਨ ਦੀ ਲੋੜ ਨਹੀਂ। ਇਹ ਟੈਸਟ ਕਾਫੀ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਟੈਸਟ ਕਰਵਾਉਣ ਤੋਂ ਪਹਿਲਾਂ ਇਹ ਬਿਲਕੁਲ ਵੀ ਨਾ ਸੋਚੋ ਕਿ ਲੋਕ ਕੀ ਸੋਚਣਗੇ। ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਆਪਣਾ ਕੋਰੋਨਾ ਵਾਇਰਸ ਸਬੰਧੀ ਟੈਸਟ ਜ਼ਰੂਰ ਕਰਵਾਓ। ਉਨ੍ਹਾਂ ਕਿਹਾ ਕਿ ਮੈਂ ਖੁਦ ਅੱਜ ਆਪਣਾ ਕੋਰੋਨਾ ਵਾਇਰਸ ਸਬੰਧੀ ਟੈਸਟ ਕਰਵਾਇਆ ਹੈ।

ਮਹੀਨੇ ਦੇ ਅੰਤ ਤਕ ਵਧੇਗੀ ਸੂਬੇ ਵਿੱਚ ਟੈਸਟਿੰਗ ਸਮਰੱਥਾ

ਉਨ੍ਹਾਂ ਦੱਸਿਆ ਕਿ ਪੰਜਾਬ ਦੀ ਟੈਸਟਿੰਗ ਸਮਰੱਥਾ ਵਿੱਚ ਪਹਿਲਾਂ ਨਾਲੋਂ ਹੋਰ ਵਾਧਾ ਹੋਇਆ ਹੈ। ਪੰਜਾਬ ਵਿੱਚ 4 ਨਵੀਆਂ ਟੈਸਟਿੰਗ ਲੈਬ ਖੋਲ੍ਹੀਆਂ ਗਈਆਂ ਹਨ। ਇਸ ਵੇਲੇ ਪੰਜਾਬ ਵਿੱਚ ਰੋਜ਼ਾਨਾ 13 ਹਜ਼ਾਰ ਕੋਵਿਡ 19 ਦੇ ਟੈਸਟਾਂ ਦੀ ਜਾਂਚ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਟੈਸਟਿੰਗ ਸਮਰੱਥਾ ਇਸ ਮਹਿਨੇ ਦੇ ਅੰਤ ਤਕ ਹੋਰ ਵੱਧ ਜਾਵੇਗੀ ਜੋ ਕਿ ਰੋਜ਼ਾਨਾ 20 ਹਜ਼ਾਰ ਦੇ ਅੰਕੜੇ ਕੋਲ ਪੁੱਜਣ ਦੀ ਆਸ ਹੈ।

ਸੈਕਟਰਾਂ 'ਚ ਵੰਡੇ ਜਾਣਗੇ ਵੱਡੇ ਸ਼ਹਿਰ

ਮੁੱਖ ਮੰਤਰੀ ਨੇ ਦੱਸਿਆ ਕਿ ਵੱਡੇ ਸ਼ਹਿਰਾਂ ਨੂੰ ਸੈਕਟਰਾਂ ਵਿੱਚ ਵੰਡ ਕੇ ਨੋਡਲ ਅਫਸਰਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਇਹ ਨੋਡਲ ਅਫਸਰ ਸਿਹਤ ਵਿਭਾਗ ਨਾਲ ਮਿਲ ਕੇ ਕੋਰੋਨਾ ਪੀੜਤਾਂ ਜਾਂ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਜਾਂਚ ਪ੍ਰੀਕਿਰਿਆ ਵਿੱਚ ਤੇਜੀ ਲਿਆਉਣ ਲਈ ਸਹਿਯੋਗ ਕਰਨਗੇ।

ਰਾਤ ਦੇ ਕਰਫਿਊ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵੱਡੇ ਸ਼ਹਿਰਾਂ ਵਿੱਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਲਾਗੂ ਰਹੇਗਾ। ਇਸ ਸਮੇਂ ਦੌਰਾਨ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ। ਇਨ੍ਹਾਂ ਵੱਡੇ ਸ਼ਹਿਰਾਂ ਵਿੱਚ ਫਿਲਹਾਲ ਜਲੰਧਰ, ਪਟਿਆਲਾ ਅਤੇ ਲੁਧਿਆਣਾ ਨੂੰ ਸ਼ਾਮਲ ਕੀਤਾ ਗਿਆ ਹੈ।

ਕੋਵਿਡ ਮਨੀਟਰ ਹੋਵੇਗਾ ਜ਼ਰੂਰੀ

ਮੁੱਖ ਮੰਤਰੀ ਨੇ ਕਿਹਾ ਕਿ ਮੈਰਿਜ਼ ਪੈਲਸ, ਰੈਸਟੋਰੈਂਟ, ਦਫਤਰਾਂ ਆਦਿ ਜਿਥੇ 10 ਵਿਅਕਤੀਆਂ ਤੋਂ ਵੱਧ ਦੀ ਗਿਣਤੀ ਹੋਵੇ ਉਥੇ ਕੋਵਿਡ ਮਨੀਟਰਾਂ ਲਗਾਏ ਜਾਣ ਲਾਜ਼ਮੀ ਹੋਵੇਗੀ। ਇਨ੍ਹਾਂ ਮਨੀਟਰਾਂ ਕੋਲ ਕਰਮਚਾਰੀਆਂ ਦੀ ਜਾਣਕਾਰੀ, ਉਨ੍ਹਾਂ ਕੋਲ ਮਾਸਕ ਦੀ ਮੌਜੂਦਗੀ ਆਦਿ ਸਬੰਧੀ ਜਾਣਕਾਰੀ ਹੋਣੀ ਚਾਹੀਦੀ ਹੈ। ਇਨ੍ਹਾਂ ਅਦਾਰਿਆਂ ਨੇ ਜੇਕਰ ਇਨ੍ਹਾਂ ਮਨੀਟਰਾਂ ਦੀ ਨਿਯੁਕਤੀ ਨਾ ਕੀਤੀ ਤਾਂ ਉਨ੍ਹਾਂ ਦੇ ਚਾਲਾਨ ਕੀਤੇ ਜਾਣਗੇ।

Posted By: Sunil Thapa