ਪੱਤਰ ਪੇ੍ਰਰਕ, ਜਲੰਧਰ : ਲਤੀਫ਼ਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਦੀ ਅਗਵਾਈ ਹੇਠ ਗਣਤੰਤਰ ਦਿਵਸ ਮੌਕੇ ਗਵਰਨਰ ਪੰਜਾਬ ਦੀ ਆਮਦ 'ਤੇ ਕਾਲ਼ੇ ਝੰਡਿਆਂ ਨਾਲ ਪ੍ਰਦਰਸ਼ਨ ਕੀਤਾ ਜਾਵੇਗਾ। ਮੋਰਚੇ ਦੇ ਆਗੂਆਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੰਤੋਖ ਸਿੰਘ ਸੰਧੂ, ਤਰਸੇਮ ਸਿੰਘ ਵਿੱਕੀ ਜੈਨਪੁਰ, ਕਸ਼ਮੀਰ ਸਿੰਘ ਘੁੱਗਸ਼ੋਰ, ਹੰਸ ਰਾਜ ਪੱਬਵਾਂ, ਸੁਖਜੀਤ ਸਿੰਘ ਡਰੋਲੀ, ਪਰਮਿੰਦਰ ਸਿੰਘ ਮਿੰਟੂ, ਬਲਜਿੰਦਰ ਕੌਰ, ਹਰਜਿੰਦਰ ਕੌਰ, ਸਰਬਜੀਤ ਸਿੰਘ, ਗੁਰਬਖਸ਼ ਸਿੰਘ ਮੰਗਾ ਨੇ ਕਿਹਾ ਕਿ ਲਤੀਫ਼ਪੁਰਾ ਦਾ ਮਸਲਾ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਗਲ਼ੇ ਦੀ ਹੱਡੀ ਬਣੇਗਾ। ਲੋਕਾਂ ਨੂੰ ਉਜਾੜੇ ਵਾਲੀ ਜਗ੍ਹਾ ਉੱਪਰ ਹੀ ਵਸਾਉਣ ਅਤੇ ਪੀੜਤਾਂ ਦੇ ਹੋਏ ਨੁਕਸਾਨ ਦਾ ਬਣਦਾ ਉਚਿਤ ਮੁਆਵਜ਼ਾ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਸਬੰਧੀ ਤਿਆਰੀਆਂ ਮੁਕੰਮਲ ਹਨ। ਮੰਗਾਂ ਦੇ ਠੋਸ ਨਿਬੇੜੇ ਲਈ ਕੱਲ੍ਹ ਨੂੰ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।