ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਉੱਘੇ ਪੱਤਰਕਾਰ, ਲੇਖਕ ਤੇ ਇਤਿਹਾਸਕਾਰ ਮਰਹੂਮ ਦੀਪਕ ਜਲੰਧਰੀ ਦੀ ਹਿੰਦੀ ਪੁਸਤਕ 'ਵਿਅੰਗਵਾਦ ਜ਼ਿੰਦਾਬਾਦ' ਨੂੰ ਭਾਸ਼ਾ ਵਿਭਾਗ ਵੱਲੋਂ ਸੁਦਰਸ਼ਨ ਪੁਰਸਕਾਰ (ਨਾਵਲ/ਕਹਾਣੀ) ਦਿੱਤਾ ਗਿਆ ਹੈ। ਵੀਰਵਾਰ ਭਾਸ਼ਾ ਵਿਭਾਗ ਪੰਜਾਬ ਦੇ ਪਟਿਆਲਾ ਸਥਿਤ ਮੁੱਖ ਦਫਤਰ ਵੱਲੋਂ ਸਾਲ 2018 ਤੇ 2019 ਲਈ ਪੰਜਾਬੀ, ਹਿੰਦੀ ਤੇ ਉਰਦੂ ਦੀਆਂ ਪੁਸਤਕਾਂ ਦੀ ਪੁਰਸਕਾਰਾਂ ਲਈ ਕੀਤੀ ਗਈ ਚੋਣ ਬਾਰੇ ਜਾਰੀ ਸੂਚੀ 'ਚ ਦੀਪਕ ਜਲੰਧਰੀ ਦੀ ਪੁਸਤਕ ਨੂੰ ਹਿੰਦੀ ਕੈਟੇਗਰੀ 'ਚ ਸੁਦਰਸ਼ਨ ਪੁਰਸਕਾਰ (ਨਾਵਲ/ਕਹਾਣੀ) ਦੇਣ ਦਾ ਐਲਾਨ ਕੀਤਾ ਗਿਆ ਹੈ। ਮਰਹੂਮ ਲੇਖਕ ਦੀਪਕ ਜਲੰਧਰੀ ਦੇ ਸਪੁੱਤਰ ਨਵਨੀਤ ਨੇ ਇਸ ਦੀ ਪੁਸ਼ਟੀ ਕਰਦਿਆ ਦੱਸਿਆ ਕਿ ਉਨ੍ਹਾਂ ਨੂੰ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਬਾਊ ਜੀ ਦੀ ਪੁਸਤਕ ਦੀ ਪੁਰਸਕਾਰ ਲਈ ਚੋਣ ਕੀਤੇ ਜਾਣ ਬਾਰੇ ਫੋਨ 'ਤੇ ਜਾਣਕਾਰੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਦੀਪਕ ਜਲੰਧਰੀ ਪਿਛਲੇ ਮਹੀਨੇ ਸੰਖੇਪ ਬਿਮਾਰੀ ਤੋਂ ਬਾਅਦ 88 ਸਾਲ ਦੀ ਉਮਰ 'ਚ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨੂੰ ਪਿਛਲੇ ਸਾਲ ਸਾਲ 2016 ਮੋਹਨ ਰਾਕੇਸ਼ ਪੁਰਸਕਾਰ (ਨਾਟਕ ਤੇ ਇਕਾਂਗੀ ਵਰਗ 'ਚ ਚੌਪਾਲ ਮੇਂ ਧਮਾਲ), ਗਿਆਨੀ ਗਿਆਨ ਸਿੰਘ ਪੁਰਸਕਾਰ (ਸਫ਼ਰਨਾਮਾ ਵਰਗ 'ਚ 125 ਕਰੋੜ ਭਾਰਤੀਓਂ ਮੇਂ 125 ਜਲੰਧਰੀ) ਅਤੇ 2017 ਲਈ ਮੋਹਨ ਰਾਕੇਸ਼ ਪੁਰਸਕਾਰ (ਨਾਟਕ ਤੇ ਇਕਾਂਗੀ ਵਰਗ 'ਚ ਸੰਸਕ੍ਰਿਤੀ ਕੀ ਦੇਹਰੀ) ਦਿੱਤਾ ਗਿਆ ਸੀ। ਇਹ ਪੁਰਸਕਾਰ ਉਨ੍ਹਾਂ ਨੂੰ 30 ਨਵੰਬਰ 2021 ਨੂੰ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਕਰਵਾਏ ਗਏ ਪੁਰਸਕਾਰ ਵੰਡ ਸਮਾਗਮ ਦੌਰਾਨ ਪ੍ਰਦਾਨ ਕੀਤੇ ਗਏ ਸਨ।