ਗਿਆਨ ਸੈਦਪੁਰੀ, ਸ਼ਾਹਕੋਟ-ਵੱਖ-ਵੱਖ ਭਾਈਚਾਰਿਆਂ ਦਰਮਿਆਨ ਦਰਾੜ ਪਾਉਣ ਦੀਆਂ ਕੁਚਾਲਾਂ ਦੇ ਦੌਰ ਵਿਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਵਾਲੀਆਂ ਮਿਸਾਲਾਂ ਵੀ ਮਿਲ ਜਾਂਦੀਆ ਹਨ। ਅਜਿਹੀ ਹੀ ਇਕ ਮਿਸਾਲ ਪਿੰਡ ਲਸੂੜੀ, ਜਿੱਥੇ ਇੱਕ ਹੀ ਕੰਪਲੈਕਸ ਵਿੱਚ ਮੰਦਿਰ ਅਤੇ ਗੁਰਦੁਆਰਾ ਸਾਹਿਬ ਬਣਾਏ ਹੋਏ ਹਨ। ਇਸ ਸਥਾਨ ਨੂੰ ਮੰਦਿਰ ਗੁਰਦਆਰਾ ਸਾਹਿਬ ਆਖਿਆ ਜਾਂਦਾ ਹੈ। ਮੰਦਿਰ ਮੱਥਾ ਟੇਕਣ ਆਏ ਵਿਅਕਤੀ ਗੁਰਦੁਆਰੇ ਵੀ ਨਤਮਸਤਕ ਹੋ ਆਉਦੇ ਹਨ। ਇਸੇ ਤਰ੍ਹਾਂ ਗੁਰਦਆਰੇ ਵਿਚ ਸੀਸ ਝਕਾਉਣ ਆਏ ਬੰਦੇ ਮੰਦਿਰ ਵਿਚ ਵੀ ਮੱਥਾ ਟੇਕ ਜਾਂਦੇ ਹਨ। ਇੱਥੋਂ ਦੇ ਇਤਿਹਾਸ-ਮਿਥਿਹਾਸ ਬਾਰੇ ਮਿਲਦੀ ਜਾਣਕਾਰੀ ਅਨੁਸਾਰ ਲਗਭਗ ਇੱਕ ਸੌ ਸਾਲ ਪਹਿਲਾਂ ਬਾਬਾ ਅਮਰ ਨਾਥ ਸਮਾਧ ਬਾਬਾ ਧਿਆਨ ਸਿੰਘ ਦੇ ਸਥਾਨ ਉੱਪਰ ਆਏ ਸਨ। ਇਹ ਸਮਾਧ ਪਿੰਡ ਦੇ ਨਾਲ ਲੰਘਦੀ ਰੇਲ ਲਾਈਨ ਦੇ ਪਾਰਲੇ ਪਾਸੇ ਹੈ। ਰੇਲ ਲਾਈਨ ਤੋਂ ਪਿੰਡ ਵਾਲੇ ਪਾਸੇ ਸ਼ਮਸ਼ਾਨਘਾਟ ਹੋਇਆ ਕਰਦਾ ਸੀ। ਬਾਬਾ ਅਮਰ ਨਾਥ ਦੇ ਇੱਕ ਸੇਵਾਦਾਰ ਥੰਮਣ ਸਿੰਘ ਨੇ ਲਾਈਨ ਤੋਂ ਪਾਰ ਸ਼ਮਸ਼ਾਨਘਾਟ ਬਣਾਵਾਇਆ ਸੀ ਅਤੇ ਪਿੰਡ ਵਾਲੇ ਪਾਸੇ ਮੰਦਿਰ ਗੁਰਦਆਰਾ ਸਥਾਪਤ ਕਰਵਾਇਆ। ਦੱਸਦੇ ਹਨ ਕਿ ਬਾਬਾ ਅਮਰ ਨਾਥ ਰਿਧੀਆਂ ਸਿਧੀਆਂ ਦੇ ਮਾਲਕ ਸਨ। ਉਨਾਂ੍ਹ ਵੱਲੋਂ ਕੀਤੀਆਂ ਕਈ ਕਰਾਮਤਾਂ ਦਾ ਪਿੰਡ ਦੇ ਲੋਕ ਉਚੇਚ ਨਾਲ ਜ਼ਿਕਰ ਕਰਦੇ ਹਨ। ਲਸੂੜੀ ਪਿੰਡ ਵਾਲਿਆਂ ਨੂੰ ਇਕ ਵਰ ਦਿੱਤੇ ਜਾਣ ਦੀ ਚਰਚਾ ਹੁੰਦੀ ਹੈ। ਵਰ ਅਨੁਸਾਰ ਇਕਾਦਸ਼ੀ ਦਾ ਜੱਗ ਕਰਨ ਨਾਲ ਪਿੰਡ ਵਿਚ ਗੜੇਮਾਰੀ ਨਹੀਂ ਹੋਵੇਗੀ। ਪਿੰਡ ਦੇ ਮੋਹਤਬਰ ਵਿਅਕਤੀ ਉਂਕਾਰ ਸਿੰਘ ਅਨੁਸਾਰ ਇਕਾਦਸ਼ੀ ਜੱਗ ਕਰਨ ਵਾਲੀ ਪੰ੍ਪਰਾ ਹੁਣ ਵੀ ਜਾਰੀ ਹੈ। ਦਸਵੀਂ ਵਾਲੇ ਦਿਨ ਗੁਰੂ ਗੰ੍ਥ ਸਾਹਿਬ ਜੀ ਦੇ ਅਖੰਡ ਪਾਠ ਦਾ ਅਰੰਭ ਹੁੰਦਾ ਹੈ। ਅਗਲੇ ਦਿਨ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਜਾਂਦੀ ਹੈ। ਗੁਰੂ ਗੰ੍ਥ ਸਾਹਿਬ ਦੇ ਪਾਠ ਦੇ ਭੋਗ ਪੈਣ ਉਪਰੰਤ ਨਿਸ਼ਾਨ ਸਾਹਿਬ ਚੜ੍ਹਾਇਆ ਜਾਂਦਾ ਹੈ। ਉਸ ਦਿਨ ਮੰਦਿਰ ਵਿੱਚ ਹਵਨ ਹੁੰਦਾ ਹੈ ਤੇ ਸਾਂਝਾ ਲੰਗਰ ਲਗਦਾ ਹੈ। ਪਿੰਡ ਦੇ ਹੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਮੰਦਿਰ ਗੁਰਦਆਰਾ ਪਿੰਡ ਲਸੂੜੀ ਵਿੱਚ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਉਨਾਂ੍ਹ ਦੱਸਿਆ ਕਿ ਬਾਬਾ ਅਮਰ ਨਾਥ ਤੋਂ ਬਾਅਦ ਬਾਬਾ ਸ਼ੰਕਰ ਨਾਥ ਨੇ ਇਸ ਸਥਾਨ ਦੀ ਸੇਵਾ ਕੀਤੀ। ਉਨਾਂ੍ਹ ਤੋਂ ਬਾਅਦ ਬਾਬਾ ਸ਼ਰਧਾ ਨਾਥ ਜੀ ਨੇ ਇਹ ਕਾਰਜ ਆਰੰਭ ਕੀਤਾ। ਬਾਬਾ ਸ਼ਰਧਾ ਨਾਥ ਤੋਂ ਬਾਅਦ ਬਾਬਾ ਜਗਨ ਨਾਥ ਨੇ ਸੇਵਾ ਕੀਤੀ। ਪਿੰਡ ਦੇ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਸਮੇਂ ਸਮੇਂ ਕੁਝ ਲੋਕਾਂ ਨੇ ਮੰਦਿਰ ਅਤੇ ਗੁਰਦਆਰੇ ਦੇ ਸਾਂਝੇ ਵਿਹੜੇ ਨੂੰ ਅਲੱਗ ਕਰਨ ਲਈ ਕੰਧ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋਏ।