ਪੱਤਰ ਪੇ੍ਰਕ, ਮਹਿਤਪੁਰ : ਪਿੰਡ ਇਸਮਾਈਲਪੁਰ ਦੇ ਲੋਕਾਂ ਨੇ ਆਪ ਮੁਹਾਰੇ ਪਿੰਡ ਦੀ ਖ਼ਾਲੀ ਪਈ ਪੰਚਾਇਤੀ ਜ਼ਮੀਨ ਉੱਪਰ ਕਬਜ਼ਾ ਕਰ ਕੇ ਆਪਣੇ ਸਿਰ ਢੱਕਣ ਜੋਗੀ ਜ਼ਮੀਨ ਵੰਡ ਲਈ। ਇਸ ਮੌਕੇ ਰਮੇਸ਼ ਕੁਮਾਰ ਮੇਸ਼ੀ ਸਾਬਕਾ ਪੰਚ ਨੇ ਦੋਸ਼ ਲਾਇਆ ਕਿ ਅਕਾਲੀ ਸਰਕਾਰ ਵੇਲੇ ਵੀ ਮਜ਼ਦੂਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਲਈ ਮਤਾ ਪਾਇਆ ਗਿਆ ਸੀ ਤੇ ਹੁਣ ਫਿਰ ਚੰਨੀ ਸਰਕਾਰ ਵੇਲੇ ਵੀ ਮਜ਼ਦੂਰਾਂ ਨੂੰ ਪਲਾਟ ਦੇਣ ਲਈ ਪੰਚਾਇਤੀ ਮਤਾ ਪਾਇਆ ਗਿਆ।

ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਜਦ ਚੋਣਾਂ ਦੇ ਨੋਟੀਫਿਕੇਸ਼ਨ ’ਚ ਕੁਝ ਦਿਨ ਰਹਿ ਗਏ ਹਨ ਤਾਂ ਉਨ੍ਹਾਂ ਨੂੰ ਕੋਈ ਆਸ ਨਹੀਂ ਰਹੀ ਕਿ ਸਰਕਾਰ ਲੋਕਾਂ ਦੇ ਸਿਰ ਢੱਕਣ ਲਈ ਕਾਂਗਰਸ ਪੰਜ-ਪੰਜ ਮਰਲੇ ਦੇ ਪਲਾਟ ਦੇਵੇਗੀ। ਆਗੂਆਂ ਨੇ ਕਿਹਾ ਕਿ ਲੋਕਾਂ ਦੇ ਆਪ ਮੁਹਾਰੇ ਪੰਚਾਇਤੀ ਜ਼ਮੀਨ ਲਈ ਪਲਾਟਾਂ ਉਪਰ ਸਿਰ ਢੱਕਣ ਲਈ ਕਬਜ਼ਾ ਕਰਨਾ ਸੰਕੇਤ ਹੈ ਕਿ ਆਉਣ ਵਾਲੇ ਦਿਨਾਂ ਵਿਚ ਹੋਰਨਾਂ ਪਿੰਡਾਂ ਦੇ ਬੇਜ਼ਮੀਨੇ ਲੋਕ ਵੀ ਪੰਚਾਇਤੀ ਜ਼ਮੀਨ ’ਚੋਂ ਆਪਣੇ ਹਿੱਸੇ ਲਈ ਅੱਗੇ ਆਉਣਗੇ।

ਇਸ ਮੌਕੇ ਔਰਤ ਆਗੂ ਅਨੀਤਾ ਸੰਧੂ ਨੇ ਮਜ਼ਦੂਰ ਔਰਤਾਂ ਨਾਲ ਗੱਲ ਕਰਨ ਤੋਂ ਬਾਅਦ ਕਿਹਾ ਕਿ ਰਿਹਾਇਸ਼ੀ ਜਗ੍ਹਾ ਦੀ ਸਮੱਸਿਆ ਦਾ ਮਾਮਲਾ ਇੰਨਾ ਗੰਭੀਰ ਹੈ ਕਿ ਅੱਜ ਪਿੰਡਾਂ ਵਿਚ ਵੀ ਲੋਕਾਂ ਨੂੰ ਕਿਰਾਏ ਦੇ ਮਕਾਨਾਂ ਵਿਚ ਰਹਿਣਾ ਪੈ ਰਿਹਾ ਹੈ। ਪਿੰਡ ਇਸਮਾਈਲਪੁਰ ਤੋਂ ਪਹੁੰਚੀਆਂ ਇਨ੍ਹਾਂ ਔਰਤਾਂ ਵਿਚੋਂ ਬਹੁਤ ਸਾਰੀਆਂ ਔਰਤਾਂ ਇਸ ਦੀ ਪ੍ਰਤੱਖ ਮਿਸਾਲ ਹਨ। ਇਸ ਮੌਕੇ ਮਜ਼ਦੂਰਾਂ ਨੂੰ ਸੰਬੋਧਨ ਕਰਨ ਵਾਲਿਆਂ ’ਚ ਸਿਕੰਦਰ ਪੰਜਾਬ ਖੇਤ ਮਜ਼ਦੂਰ ਸਭਾ, ਵਿਜੇ ਬਾਠ ਪੇਂਡੂ ਮਜ਼ਦੂਰ ਯੂਨੀਅਨ, ਸੱਤਪਲ ਸਹੋਤਾ ਦਿਹਾਤੀ ਮਜ਼ਦੂਰ ਸਭਾ ਆਦਿ ਸ਼ਾਮਲ ਸਨ।

Posted By: Jagjit Singh