ਅਮਰਜੀਤ ਸਿੰਘ ਵੇਹਗਲ, ਜਲੰਧਰ : ਕਰਫਿਊ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਹਰਪ੍ਰਰੀਤ ਸਿੰਘ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਤੀਜੇ ਦਿਨ ਵੀ ਵੱਖ-ਵੱਖ ਥਾਵਾਂ 'ਤੇ ਲੰਗਰ ਦੀਆਂ ਸੇਵਾਵਾਂ ਨਿਭਾਈਆਂ ਗਈਆਂ।

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ

ਕਰਫਿਊ ਦੌਰਾਨ ਚੰਨਪ੍ਰਰੀਤ ਚੈਰੀਟੇਬਲ ਹਸਪਤਾਲ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਦੇ ਸੇਵਾਦਾਰਾਂ ਵੱਲੋਂ ਜਨਰਲ ਸਕੱਤਰ ਕਮਲਜੀਤ ਸਿੰਘ ਭਾਟੀਆ ਦੀ ਅਗਵਾਈ 'ਚ ਵੱਖ-ਵੱਖ ਨਾਕਿਆਂ 'ਤੇ ਡਿਉਟੀ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਪਰਿਵਾਰਾਂ ਨੂੰ ਲੰਗਰ ਮੁਹੱਈਆ ਕਰਵਾਇਆ ਗਿਆ। ਜਨਰਲ ਸਕੱਤਰ ਕਮਲਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਸ਼ਹਿਰ 'ਚ ਕਰਫਿਊ ਦੌਰਾਨ ਲੋਕਾਂ ਦੀ ਹਿਫਾਜਤ ਲਈ ਡਿਊਟੀ ਨਿਭਾ ਰਹੇ ਪੁਲਿਸ ਮੁਲਾਜ਼ਮਾਂ ਨੂੰ ਬਸਤੀ ਗੁਜ਼ਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਨੇ ਇਲਾਕੇ ਦੀਆਂ ਸੰਗਤਾਂ ਵੱਲੋਂ ਤੀਜੇ ਦਿਨ ਬੀਬੀਆਂ ਵੱਲੋਂ ਘਰ-ਘਰ 'ਚ ਤਿਆਰ ਕੀਤਾ ਲੰਗਰ ਨਕੋਦਰ ਚੌਕ, ਜੋਤੀ ਚੌਕ, ਰਵਿਦਾਸ ਚੌਕ, ਭਗਵਾਨ ਵਾਲਮੀਕਿ ਚੌਕ, ਫੁੱਟਬਾਲ ਚੌਕ, ਕਪੂਰਥਲਾ ਚੌਕ, ਵਰਕਸ਼ਾਪ ਚੌਕ, ਜੇਲ੍ਹ ਚੌਕ, ਬਸਤੀ ਬਾਵਾ ਖੇਲ ਆਦਿ ਇਲਾਕਿਆਂ 'ਚ ਪੁਲਿਸ ਮੁਲਾਜ਼ਮਾਂ ਨੂੰ ਲੰਗਰ ਛਕਾਉਣ ਤੋਂ ਇਲਾਵਾ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਆਸ਼ਿਆਨਿਆਂ 'ਚ ਵੀ ਲੰਗਰ ਪਹੁੰਚਿਆ ਗਿਆ। ਉਨ੍ਹਾਂ ਦੱਸਿਆ ਕਿ ਲੰਗਰ ਛਕਾਉਣ ਤੋਂ ਪਹਿਲਾ ਲੰਗਰ ਵਰਤਾਉਣ ਵਾਲੇ ਸੇਵਾਦਾਰਾਂ ਵੱਲੋ ਪੂਰਨ ਤੌਰ 'ਤੇ ਸਾਵਧਾਨੀਆਂ ਵਰਤਦਿਆਂ ਹੋਇਆ ਆਪਣੇ ਹੱਥ ਸੈਨੀਟਾਈਜ਼ਰ ਨਾਲ ਸਾਫ ਕਰ ਕੇ ਉਨ੍ਹਾਂ ਦੇ ਹੱਥ ਵੀ ਸੈਨੀਟਾਈਜ਼ਰ ਨਾਲ ਸਾਫ ਕਰਵਾਏ ਗਏ। ਫੇਸ ਮਾਸਕ ਵੀ ਵੰਡੇ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਕੌਂਸਲਰ ਜਸਪਾਲ ਕੌਰ ਵੱਲੋਂ ਤਿਆਰ ਕੀਤੀ ਟੀਮ ਵੱਲੋਂ ਘਰ-ਘਰ ਬੀਬੀਆਂ ਵੱਲੋਂ ਲੰਗਰ ਤਿਆਰ ਕਰ ਕੇ ਰੋਜ਼ਾਨਾ ਵਰਤਾਇਆ ਜਾਵੇਗਾ।

ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ

ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ ਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿਟੂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਲੰਗਰ ਤਿਆਰ ਕਰ ਕੇ ਨਾਕਿਆਂ 'ਤੇ ਡਿਉਟੀ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਪਰਿਵਾਰਾਂ ਨੂੰ ਲੰਗਰ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਜੇ ਹਸਪਤਾਲਾਂ 'ਚ ਮਰੀਜ਼ਾਂ ਨੂੰ ਰੱਖਣ ਲਈ ਜਗ੍ਹਾ ਦੀ ਘਾਟ ਪਈ ਤਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਮੁਹੱਈਆ ਕਰਵਾਈ ਜਾਵੇਗੀ। ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੇ ਜਨ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਵੱਖੋਂ ਕਰ ਮੁਹੱਈਆ ਕਰਨ ਦੌਰਾਨ ਦੇਖਿਆ ਗਿਆ ਕਿ ਲੋਕ ਕਰਫਿਊ ਦੌਰਾਨ ਵੀ ਕੋਰੋਨਾ ਵਾਇਰਸ ਨੂੰ ਮਜ਼ਾਕ ਸਮਝ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਨਾਮੁਰਾਦ ਵਾਇਰਸ ਬਾਰੇ ਗੰਭੀਰ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਿਹਤ ਵਿਭਾਗ, ਸਿਵਲ ਤੇ ਪੁਲਿਸ ਪ੍ਰਸ਼ਾਸਨ ਕੋਰੋਨਾ ਵਾਇਰਸ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਪਰਿਵਾਰਾਂ ਦੇ ਘਰਾਂ 'ਚ ਕੋਈ ਕਮਾਉਣ ਵਾਲਾ ਨਹੀਂ ਹੈ, ਉਨ੍ਹਾਂ ਨੂੰ ਪਹਿਲਾਂ ਵੀ ਸੁੱਕੀ ਰਸਦ ਮੁਹੱਈਆ ਕਰਵਾਈ ਗੱਲ ਸੀ। ਹੁਣ ਵੀ ਲੋੜਵੰਦ ਪਰਿਵਾਰਾਂ ਨੂੰ ਆਟੇ ਦੀ ਥੈਲੀ, ਚਾਹ-ਪੱਤੀ, ਖੰਡ, ਚੌਲ, ਸਰੋਂ ਦਾ ਤੇਲ, ਹਲਦੀ, ਮਿਰਚਾਂ ਤੇ ਦਾਲਾਂ ਆਦਿ ਰਾਸ਼ਨ ਦੇਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਰਮਜ਼ ਤੋਂ ਮੁਕਤ ਕਰਨ ਲਈ ਸੈਨੇਟਾਈਜ਼ਰ ਦਾ ਸਪਰੇਅ ਵੀ ਕਰਵਾਇਆ ਜਾ ਰਿਹਾ ਹੈ।