ਪੰਜਾਬੀ ਜਾਗਰਣ ਕੇਂਦਰ, ਅੰਬ : ਮੁਬਾਰਕਪੁਰ ਨਾਲ ਲੱਗਦੇ ਘੇਵਟ ਬੇਹੜ 'ਚ ਸੜਕ ਕੰਢੇ ਖੱਡ 'ਚੋਂ ਮਿਲੀ ਲਾਸ਼ ਦੀ ਪਛਾਣ ਹੋ ਗਈ ਹੈ। ਮੁਟਿਆਰ ਮਕਾਨ ਨੰਬਰ 230, ਵਾਰਡ ਨੰਬਰ 13, ਮੁਹੱਲਾ ਸੰਤੋਖਪੁਰਾ ਤਹਿਸੀਲ ਤੇ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਦੀ ਵਾਸੀ ਸੀ। ਪੁਲਿਸ ਲਾਸ਼ ਕੋਲੋ ਮਿਲੇ ਮੋਬਾਈਲ ਫੋਨ ਦੀ ਸਿਮ ਦੇ ਆਧਾਰ 'ਤੇ ਮੁਟਿਆਰ ਦੇ ਪਰਿਵਾਰਕ ਮੈਂਬਰਾਂ ਤਕ ਪੁੱਜੀ। ਮੁਟਿਆਰ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਹੁਣ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਨਾਲ ਹੀ ਲਾਸ਼ ਦਾ ਟਾਂਡਾ ਮੈਡੀਕਲ ਕਾਲਜ 'ਚ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਹੈ।

ਮੁਟਿਆਰ ਦੇ ਪਿਤਾ ਰਾਮਜੀ ਨੇ ਦੱਸਿਆ ਕਿ 21 ਜਨਵਰੀ ਨੂੰ ਉਸ ਦੀ ਧੀ ਬਲਜੀਤ ਕੌਰ ਉਰਫ ਨੇਹਾ ਆਪਣੀ ਮਾਂ ਕਸ਼ਮੀਰ ਕੌਰ ਨੂੰ ਕਿਸੇ ਸਹੇਲੀ ਦੇ ਵਿਆਹ 'ਚ ਜਾਣ ਦੀ ਗੱਲ ਕਹਿ ਕੇ ਘਰੋਂ ਨਿਕਲੀ ਸੀ ਤੇ ਦੋ ਦਿਨ ਬਾਅਦ ਘਰ ਪਰਤਣ ਦੀ ਗੱਲ ਕਹੀ ਸੀ ਪਰ 24 ਜਨਵਰੀ ਨੂੰ ਪੁਲਿਸ ਦੇ ਸੰਪਰਕ ਮਗਰੋਂ ਉਨ੍ਹਾਂ ਨੂੰ ਆਪਣੇ ਕੌਂਸਲਰ ਰਾਹੀਂ ਬਲਜੀਤ ਕੌਰ ਦੀ ਲਾਸ਼ ਅੰਬ 'ਚ ਮਿਲਣ ਦੀ ਸੂਚਨਾ ਮਿਲੀ। ਮੁਟਿਆਰ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਦਸਵੀਂ ਤਕ ਹੀ ਪੜ੍ਹੀ ਸੀ। ਉਸ ਕੋਲ ਪਹਿਲਾਂ ਕੋਈ ਮੋਬਾਈਲ ਫੋਨ ਨਹੀਂ ਸੀ। 20 ਜਨਵਰੀ ਨੂੰ ਹੀ ਉਸ ਦੇ ਭਰਾ ਨੇ ਉਸ ਨੂੰ ਸੈਕਿੰਡ ਹੈਂਡ ਮੋਬਾਈਲ ਫੋਨ ਦਿਵਾਇਆ ਸੀ। ਇੱਥੇ ਘਟਨਾ ਸਥਾਨ 'ਤੇ ਵੀ ਪੁਲਿਸ ਨੂੰ ਮੁਟਿਆਰ ਦੀ ਲਾਸ਼ ਕੋਲੋਂ ਇਕ ਮੋਬਾਈਲ ਫੋਨ ਬਰਾਮਦ ਹੋਇਆ ਸੀ। ਉਸ ਮੋਬਾਈਲ ਦੇ ਸਿਮ ਨੰਬਰ ਦੇ ਆਧਾਰ 'ਤੇ ਜਾਂਚ ਕੀਤੀ ਗਈ ਤਾਂ ਲੜਕੀ ਫਿਲੌਰ ਦੀ ਹੋਣ ਦੀ ਜਾਣਕਾਰੀ ਮਿਲੀ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਮੁਟਿਆਰ ਦੇ ਪਿਤਾ ਨੇ ਸ਼ੱਕ ਪ੍ਰਗਟਾਇਆ ਹੈ ਕਿ ਉਸ ਦੀ ਧੀ ਦੀ ਕਿਸੇ ਅਣਪਛਾਤੇ ਵਿਅਕਤੀ ਨੇ ਹੱਤਿਆ ਕੀਤੀ ਹੈ। ਥਾਣਾ ਮੁਖੀ ਅੰਬ ਆਸ਼ੀਸ਼ ਪਠਾਨੀਆ ਨੇ ਦੱਸਿਆ ਕਿ ਘੇਵਟ ਬੇਹੜ 'ਚ ਮਿਲੀ ਲਾਸ਼ ਦੀ ਪਛਾਣ ਹੋ ਗਈ ਹੈ।