ਗੁਰਪ੍ਰਰੀਤ ਸਿੰਘ ਬਾਹੀਆ, ਜਲੰਧਰ ਛਾਉਣੀ

ਸਰਕਾਰ ਵੱਲੋਂ ਜਾਅਲੀ ਟਰੈਵਲ ਏਜੰਟਾਂ ਖ਼ਿਲਾਫ਼ ਸ਼ਿਕੰਜਾ ਕੱਸਣ ਦੇ ਬਾਵਜੂਦ ਟਰੈਵਲ ਏਜੰਟ ਮੋਟੀ ਰਕਮ ਲੈਣ ਤੋਂ ਬਾਅਦ ਵੀ ਨੌਜਵਾਨਾਂ ਨੂੰ ਹੋਰ ਹੋਰ ਦੇਸ਼ਾਂ ਵਿਚ ਭਟਕਣ ਲਈ ਮਜਬੂਰ ਕਰਦੇ ਹਨ। ਏਜੰਟਾਂ ਦੇ ਹੱਥੇ ਚੜੇ੍ਹ ਕਈ ਨੌਜਵਾਨ ਲਾਪਤਾ ਵੀ ਹੋਏ ਹਨ ਜਿਨ੍ਹਾਂ ਦਾ ਹਾਲੇ ਤਕ ਕੋਈ ਥਹੁ-ਪਤਾ ਨਹੀ ਲੱਗਾ। ਇਸੇ ਤਰ੍ਹਾਂ ਦਾ ਮਾਮਲਾ ਪਿੰਡ ਸੰਸਾਰਪੁਰ ਦਾ ਸਾਹਮਣੇ ਆਇਆ ਹੈ ਜਿੱਥੇ ਅਮਰੀਕਾ ਜਾਣ ਲਈ ਗਏ ਇਕ ਨੌਜਵਾਨ ਦੀ ਡੇਢ ਸਾਲ ਤੋਂ ਕੋਈ ਉੱਘ-ਸੁੱਘ ਨਹੀਂ ਲੱਗੀ। ਨਾ ਹੀ ਉਸ ਦਾ ਕੋਈ ਫੋਨ ਆਇਆ ਹੈ।

ਲਾਪਤਾ ਹੋਏ ਨੌਜਵਾਨ ਮਨਪ੍ਰਰੀਤ ਦੇ ਤਾਏ ਪਰਸ ਰਾਮ ਨੇ ਦੱਸਿਆ ਕਿ ਪਿੰਡ ਕਲਿਆਣਪੁਰ ਵਾਸੀ ਗੁਰਦੇਵ ਸਿੰਘ ਨੇ ਮਨਪ੍ਰਰੀਤ ਨੂੰ ਅਮਰੀਕਾ ਭੇਜਣ ਲਈ 14 ਲੱਖ ਰੁਪਏ ਲਏ ਸਨ ਜਿਨ੍ਹਾਂ ਵਿਚ 3 ਲੱਖ ਚੈੱਕ ਅਤੇ 11 ਲੱਖ ਕੈਸ਼ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਗੁਰਦੇਵ ਸਿੰਘ ਨੇ ਵਾਅਦਾ ਕੀਤਾ ਸੀ ਕਿ ਉਹ ਕਾਨੂੰਨੀ ਤੌਰ 'ਤੇ ਮਨਪ੍ਰਰੀਤ ਨੂੰ ਅਮਰੀਕਾ ਭੇਜੇਗਾ। ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਉਨ੍ਹਾਂ ਦੇ ਭਤੀਜਾ ਨੂੰ ਵਿਦੇਸ਼ ਭੇਜਿਆ ਗਿਆ ਸੀ। ਕੁਝ ਦਿਨਾਂ ਬਾਅਦ ਮਨਪ੍ਰਰੀਤ ਦਾ ਫੋਨ ਆਇਆ ਕਿ ਉਸ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਕਿ ਉਹ ਕਿਹੜੇ ਦੇਸ਼ ਵਿਚ ਹੈ, ਉਹ ਹੁਣ ਜਿੱਥੇ ਹੈ, ਉੱਥੇ ਜੰਗਲ ਹੀ ਜੰਗਲ ਹੈ।

ਮਨਪ੍ਰਰੀਤ ਨੇ ਦੱਸਿਆ ਸੀ ਕਿ ਉਸ ਨਾਲ ਹੋਰ ਵੀ ਨੌਜਵਾਨ ਹਨ ਜੋ ਭਟਕ ਰਹੇ ਹਨ। ਪਰਸ ਰਾਮ ਨੇ ਦੱਸਿਆ ਕਿ ਹੁਣ ਡੇਢ ਮਹੀਨਾ ਬੀਤ ਜਾਣ ਬਾਅਦ ਵੀ ਮਨਪ੍ਰਰੀਤ ਦਾ ਫੋਨ ਨਹੀ ਆਇਆ। ਇਸ ਬਾਰੇ ਜਦੋਂ ਏਜੰਟ ਨੂੰ ਪੁੱਿਛਆ ਕਿ ਮਨਪ੍ਰਰੀਤ ਕਿੱਥੇ ਹੈ ਤਾਂ ਉਸ ਦਾ ਕਹਿਣਾ ਸੀ ਕਿ ਮਨਪ੍ਰਰੀਤ ਨੂੰ ਅਮਰੀਕਾ ਭੇਜ ਦਿੱਤਾ ਹੈ, ਉਸ ਨੂੰ ਨਹੀਂ ਪਤਾ ਕਿ ਹੁਣ ਉਹ ਕਿੱਥੇ ਹੈ। ਪਰਸ ਰਾਮ ਨੇ ਦੱਸਿਆ ਕਿ ਥਾਣਾ ਛਾਉਣੀ ਵਿਖੇ ਏਜੰਟ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ। ਛਾਉਣੀ ਪੁਲਿਸ ਵੱਲੋਂ ਏਜੰਟ ਖ਼ਿਲਾਫ਼ 11 ਜੁਲਾਈ ਨੂੰ ਮਾਮਲਾ ਦਰਜ ਕਰ ਲਿਆ ਗਿਆ ਹੈ। ਮਨਪ੍ਰਰੀਤ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪੁਲਿਸ ਏਜੰਟ ਨੂੰ ਗਿ੍ਫ਼ਤਾਰ ਕਰ ਕੇ ਮਨਪ੍ਰਰੀਤ ਨੂੰ ਲੱਭਣ ਦੀ ਕੋਸ਼ਿਸ਼ ਕਰੇ ਤਾਂ ਕਿ ਮਨਪ੍ਰਰੀਤ ਘਰ ਵਾਪਸ ਆ ਸਕੇ।

ਥਾਣਾ ਮੁਖੀ ਛਾਉਣੀ ਥਾਣਾ ਮੁਖੀ ਕੁਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕਿਸੇ ਨੌਜਵਾਨ ਦੇ ਗੁੰਮ ਹੋਣ ਦੀ ਕੋਈ ਸ਼ਿਕਾਇਤ ਨਹੀਂ ਆਈ ਹੈ। ਹਾਂ, ਇਕ ਪੁਰਾਣੇ ਮਾਮਲੇ ਵਿਚ ਲਾਂਬੜਾ ਵਾਸੀ ਇਕ ਏਜੰਟ ਖ਼ਿਲਾਫ਼ ਮਾਮਲਾ ਜ਼ਰੂਰ ਦਰਜ ਕੀਤਾ ਗਿਆ ਹੈ। ਉਨ੍ਹਾਂ ਕੋਲ ਕੋਈ ਵੀ ਨਵੀਂ ਸ਼ਿਕਾਇਤ ਨਹੀਂ ਆਈ।