ਸੁਰਿੰਦਰਪਾਲ ਕੁੱਕੂ, ਦੁਸਾਂਝ ਕਲਾਂ : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਤੇ ਲਾਕਡਾਊਨ ਦੌਰਾਨ ਘਰ ਵਿਹਲਾ ਰਹਿਣ ਕਾਰਨ ਮਾਨਸਿਕ ਤੌਰ 'ਤੇ ਪਰੇਸ਼ਾਨ ਪਿੰਡ ਦੁਸਾਂਝ ਕਲਾਂ ਦੇ 20 ਸਾਲਾ ਨੌਜਵਾਨ ਨੇ ਫਾਹਾ ਲਗਾ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮਿ੍ਤਕ ਦੀ ਪਛਾਣ ਮੁਤਲੌਜ ਮੁਖੀਆ ਪੁੱਤਰ ਦਵਿੰਦਰ ਮੁਖੀਆ ਵਜੋਂ ਹੋਈ ਹੈ। ਮਿ੍ਤਕ ਦੇ ਪਿਤਾ ਦਵਿੰਦਰ ਮੁਖੀਆ ਨੇ ਦੱਸਿਆ ਕਿ ਮੁਤਲੌਜ ਸੋਮਵਾਰ ਰਾਤ ਕਰੀਬ 10.30 ਵਜੇ ਸੌਣ ਲਈ ਆਪਣੇ ਕਮਰੇ 'ਚ ਚਲਾ ਗਿਆ। ਬਾਕੀ ਸਾਰੇ ਪਰਿਵਾਰਕ ਮੈਂਬਰ ਰਾਤ ਦਾ ਖਾਣਾ ਖਾਣ ਉਪਰੰਤ ਸੈਰ ਕਰਨ ਚਲੇ ਗਏ ਤੇ ਉਹ ਕਮਰੇ ਦੀ ਛੱਤ 'ਤੇ ਚਲਾ ਗਿਆ। ਉਨ੍ਹਾਂ ਦੱਸਿਆ ਕਿ ਮੁਤਲੌਜ ਨੇ ਚੁੰਨੀ ਨੂੰ ਛੱਤ ਵਾਲੇ ਪੱਖੇ ਨਾਲ ਬੰਨ੍ਹ ਕੇ ਫਾਹਾ ਲੈ ਲਿਆ। ਥੋੜ੍ਹੀ ਦੇਰ ਬਾਅਦ ਉਸ ਨੂੰ ਪੱਖੇ ਨਾਲ ਲਟਕਦੇ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਲਾਹ ਕੇ ਗਾਂਧੀ ਹਸਪਤਾਲ ਫਗਵਾੜਾ ਵਿਖੇ ਲੈ ਕੇ ਗਏ। ਡਾਕਟਰਾਂ ਨੇ ਚੈੱਕਅਪ ਕਰਨ ਉਪਰੰਤ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ। ਇਸ ਮੌਕੇ ਚੌਂਕੀ ਇੰਚਾਰਜ ਐੱਸਆਈ ਲਾਭ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਦੱਸਿਆ ਕਿ ਮਿ੍ਤਕ 12ਵੀਂ ਪਾਸ ਕਰਨ ਉਪਰੰਤ ਡਰਾਈਵਿੰਗ ਕਰਨ ਦਾ ਕੰਮ ਕਰਦਾ ਸੀ। ਕਰਫਿਊ ਦੌਰਾਨ ਘਰ 'ਚ ਵਿਹਲਾ ਹੋਣ ਕਰਕੇ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ ਤੇ ਵਾਰਸਾਂ ਵੱਲੋਂ ਮਿ੍ਤਕ ਦਾ ਸਸਕਾਰ ਕਰ ਦਿੱਤਾ ਗਿਆ।