ਜੇਐੱਨਐੱਨ, ਜਲੰਧਰ : ਥਾਣਾ ਰਾਮਾਮੰਡੀ ਦੇ ਖੇਤਰ ਬਸ਼ੀਰਪੁਰਾ ਵਿਚ ਰਹਿੰਦੇ ਇਕ ਨੌਜਵਾਨ ਨੇ ਘਰੇਲੂ ਪਰੇਸ਼ਾਨੀ ਕਾਰਨ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਿ੍ਤਕ ਦੀ ਪਛਾਣ ਮੂਲ ਰੂਪ 'ਚ ਬਿਹਾਰ ਦੇ ਰਹਿਣ ਵਾਲੇ ਪਿ੍ਰੰਸ ਪੁੱਤਰ ਅੰਬਿਕਾ ਮਾਂਝੀ ਦੇ ਰੂਪ ਵਿਚ ਹੋਈ ਹੈ ਜੋ ਪਿਛਲੇ ਕਾਫੀ ਸਮੇਂ ਤੋਂ ਮਾਤਾ-ਪਿਤਾ ਨਾਲ ਜਲੰਧਰ 'ਚ ਰਹਿ ਰਿਹਾ ਸੀ। ਥਾਣਾ ਰਾਮਾਮੰਡੀ ਦੇ ਏਐੱਸਆਈ ਬਰਜਿੰਦਰ ਕੁਮਾਰ ਨੇ ਦੱਸਿਆ ਕਿ ਸਵੇਰੇ 11 ਵਜੇ ਸੂਚਨਾ ਮਿਲੀ ਸੀ ਕਿ ਬਸ਼ੀਰਪੁਰਾ ਵਿਚ ਕਿਸੇ ਨੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਪਿ੍ਰੰਸ ਪਿਛਲੇ ਮਹੀਨੇ ਤੋਂ ਘਰੇਲੂ ਪਰੇਸ਼ਾਨੀ ਕਾਰਨ ਕਾਫੀ ਤਣਾਅ ਵਿਚ ਸੀ। ਉਸ ਦੇ ਮਾਤਾ ਪਿਤਾ ਕੁਝ ਦਿਨ ਪਹਿਲਾਂ ਹੀ ਬਿਹਾਰ ਸਥਿਤ ਆਪਣੇ ਪਿੰਡ ਗਏ ਸਨ ਜਦਕਿ ਉਸ ਦਾ ਭਰਾ ਕੰਮ ਦੇ ਮੱਦੇਨਜ਼ਰ ਦਿੱਲੀ ਗਿਆ ਹੋਇਆ ਸੀ। ਇਸ ਦੌਰਾਨ ਉਹ ਘਰ ਵਿਚ ਇਕੱਲਾ ਸੀ। ਬੁੱਧਵਾਰ ਸਵੇਰੇ ਉਸ ਦਾ ਦੋਸਤ ਕਾਰਤਿਕ ਉਸ ਨੂੰ ਫੋਨ ਕਰ ਰਿਹਾ ਸੀ। ਕਾਫੀ ਦੇਰ ਬਾਅਦ ਵੀ ਜਦੋਂ ਕਿਸੇ ਨੇ ਫੋਨ ਨਾ ਚੁੱਕਿਆ ਤਾਂ ਕਾਰਤਿਕ ਉਸ ਦੇ ਘਰ ਪਹੁੰਚਿਆ ਜਿੱਥੇ ਉਸ ਨੇ ਦੇਖਿਆ ਕਿ ਪਿ੍ਰੰਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪਿ੍ਰੰਸ ਨੇ ਤੁਰੰਤ ਆਸ-ਪਾਸ ਦੇ ਲੋਕਾਂ ਨੂੰ ਦੱਸਿਆ ਜਿਸ ਤੋਂ ਬਾਅਦ ਪਿ੍ਰੰਸ ਨੂੰ ਨੇੜਲੇ ਨਿੱਜੀ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਏਐੱਸਆਈ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਕਿਸੇ ਤਰ੍ਹਾਂ ਦਾ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ ਜਦਕਿ ਮਿ੍ਤਕ ਦੇ ਪਰਿਵਾਰਕ ਮੈਂਬਰ ਬਿਹਾਰ ਵਿਚ ਹਨ ਜਿਨ੍ਹਾਂ ਦੇ ਜਲੰਧਰ ਪਹੁੰਚਣ 'ਤੇ ਬਿਆਨ ਦਰਜ ਕਰ ਕੇ ਪੁਲਿਸ ਮਾਮਲੇ ਵਿਚ ਅਗਲੇਰੀ ਕਾਰਵਾਈ ਕਰੇਗੀ। ਫਿਲਹਾਲ ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।