ਰਾਕੇਸ਼ ਗਾਂਧੀ, ਜਲੰਧਰ

ਬੱਸ ਸਟੈਂਡ ਦੇ ਸਾਹਮਣੇ ਸਥਿਤ ਦੋਆਬਾ ਮਾਰਕੀਟ 'ਚ ਇਕ ਮਨੀ ਚੇਂਜਰ ਦੀ ਦੁਕਾਨ ਤੋਂ ਸ਼ੁੱਕਰਵਾਰ ਸ਼ਾਮ ਦੋ ਨਕਾਬਪੋਸ਼ ਨੌਜਵਾਨਾਂ ਨੇ ਪਿਸਤੌਲ ਦੀ ਨੋਕ 'ਤੇ ਲੱਖਾਂ ਰੁਪਏ ਦੀ ਵਿਦੇਸ਼ੀ ਤੇ ਭਾਰਤੀ ਕਰੰਸੀ ਲੁੱਟ ਲਈ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਲੁਟੇਰੇ ਭੱਜਦੇ ਹੋਏ ਮਾਰਕੀਟ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਏ।

ਜਾਣਕਾਰੀ ਅਨੁਸਾਰ ਬੱਸ ਸਟੈਂਡ ਦੇ ਸਾਹਮਣੇ ਪੈਂਦੀ ਦੋਆਬਾ ਮਾਰਕੀਟ ਵਿਚ ਸਥਿਤ ਅਰੋੜਾ ਮਨੀ ਚੇਂਜਰ ਨਾਂ ਦੀ ਦੁਕਾਨ 'ਤੇ ਸ਼ੁੱਕਰਵਾਰ ਸ਼ਾਮ ਪੌਣੇ ਪੰਜ ਵਜੇ ਦੇ ਕਰੀਬ ਜਦ ਦੁਕਾਨ ਦਾ ਮਾਲਕ ਰਾਕੇਸ਼ ਕੁਮਾਰ ਆਪਣੀ ਕਰਮਚਾਰੀ ਰਪਿੰਦਰ ਕੌਰ ਤੇ ਉਸ ਦੀ ਤਰਨਤਾਰਨ ਤੋਂ ਆਈ ਰਿਸ਼ਤੇਦਾਰ ਸਰਬਜੀਤ ਕੌਰ ਨਾਲ ਬੈਠੇ ਹੋਏ ਸਨ ਤਾਂ ਬਾਹਰੋਂ ਦੋ ਨੌਜਵਾਨ ਜਿਨ੍ਹਾਂ ਨੇ ਮੂੰਹ 'ਤੇ ਮਫਲਰ ਬੰਨ੍ਹੇ ਹੋਏ ਸਨ, ਆਏ ਅਤੇ ਦੁਕਾਨ 'ਚ ਬੈਠੇ ਰਾਕੇਸ਼ ਕੁਮਾਰ ਨੂੰ ਆਖਿਆ ਕਿ ਉਨ੍ਹਾਂ ਨੇ ਵਿਦੇਸ਼ੀ ਕਰੰਸੀ ਚੇਂਜ ਕਰਵਾਉਣੀ ਹੈ। ਜਦ ਦੁਕਾਨ ਮਾਲਕ ਨੇ ਉਨ੍ਹਾਂ ਨੂੰ ਪੁੱਿਛਆ ਕਿ ਕਿੰਨੇ ਦੀ ਹੈ ਤਾਂ ਇਕਦਮ ਉਨ੍ਹਾਂ ਵਿਚੋਂ ਇਕ ਨੌਜਵਾਨ ਨੇ ਪਿਸਤੌਲ ਕੱਢ ਲਈ ਅਤੇ ਦੁਕਾਨਦਾਰ ਦੀ ਕੰਨਪੱਟੀ ਉੱਤੇ ਲਗਾ ਕੇ ਉਸ ਕੋਲੋਂ ਕੈਸ਼ ਮੰਗਿਆ। ਦੁਕਾਨਦਾਰ ਵੱਲੋਂ ਪਿਸਤੌਲ ਤੋਂ ਡਰਦੇ ਹੋਏ ਲੁਟੇਰਿਆਂ ਨੂੰ ਤਕਰੀਬਨ ਦੋ ਲੱਖ ਸੱਠ ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਤੇ ਸਾਢੇ ਤਿੰਨ ਲੱਖ ਰੁਪਏ ਦੀ ਅਲੱਗ-ਅਲੱਗ ਦੇਸ਼ਾਂ ਦੀ ਵਿਦੇਸ਼ੀ ਕਰੰਸੀ ਦੇ ਦਿੱਤੇ, ਜੋ ਲੈਂਦੇ ਹੀ ਦੋਵੇਂ ਨੌਜਵਾਨ ਦੁਕਾਨ 'ਚੋਂ ਬਾਹਰ ਵੱਲ ਭੱਜ ਗਏ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਵਿਚ ਦਿੱਤੀ ਗਈ। ਜਿਸ ਤੋਂ ਬਾਅਦ ਏਡੀਸੀਪੀ ਅਸ਼ਵਨੀ ਕੁਮਾਰ, ਏਸੀਪੀ ਹਰਿੰਦਰ ਸਿੰਘ ਗਿੱਲ, ਥਾਣਾ ਛੇ ਦੇ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਗਿੱਲ, ਸੀਆਈਏ ਇੰਚਾਰਜ ਸਬ ਇੰਸਪੈਕਟਰ ਹਰਮਿੰਦਰ ਸਿੰਘ, ਚੌਕੀ ਬੱਸ ਸਟੈਂਡ ਦੇ ਇੰਚਾਰਜ ਸਬ ਇੰਸਪੈਕਟਰ ਮੇਜਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਵੱਲੋਂ ਜਦ ਦੋਆਬਾ ਮਾਰਕੀਟ ਦੇ ਬਾਹਰ ਸਥਿਤ ਇਕ ਦੁਕਾਨ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ ਤਾਂ ਉਸ ਵਿਚ ਅਰੋੜਾ ਮਨੀ ਚੇਂਜਰ ਦੀ ਦੁਕਾਨ ਤੋਂ ਲੁੱਟ ਕਰ ਕੇ ਭੱਜਦੇ ਹੋਏ ਦੋ ਨੌਜਵਾਨ ਕੈਦ ਹੋ ਗਏ, ਪਰ ਉਨ੍ਹਾਂ ਦੀ ਕੋਈ ਪਛਾਣ ਨਹੀਂ ਹੋ ਸਕੀ। ਦੋਵੇਂ ਨੌਜਵਾਨ ਭੱਜਦੇ ਹੋਏ ਸਤਲੁਜ ਚੌਕ ਵੱਲ ਜਾ ਰਹੇ ਹਨ। ਲੁਟੇਰੇ ਜਾਂਦੇ ਜਾਂਦੇ ਦੁਕਾਨ 'ਤੇ ਬੈਠੀ ਰੁਪਿੰਦਰ ਕੌਰ ਅਤੇ ਸਰਬਜੀਤ ਕੌਰ ਦਾ ਫੋਨ ਵੀ ਲੈ ਗਏ। ਏਸੀਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਕਈ ਥਿਊਰੀਆਂ ਨਾਲ ਉਕਤ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ ਅਤੇ ਜਲਦ ਹੀ ਲੁੱਟ ਕਰਨ ਵਾਲੇ ਪੁਲਿਸ ਦੇ ਹੱਥੇ ਚੜ੍ਹ ਜਾਣਗੇ।

ਲੁੱਟ ਦਾ ਸ਼ਿਕਾਰ ਹੋਏ ਰਾਕੇਸ਼ ਕੁਮਾਰ ਦੀ ਹਾਲਤ ਹੋਰ ਖ਼ਰਾਬ

ਅਰੋੜਾ ਮਨੀ ਚੇਂਜਰ ਦੇ ਮਾਲਕ ਰਾਕੇਸ਼ ਕੁਮਾਰ ਕੋਲੋਂ ਜਦ ਪੁਲਿਸ ਬਿਆਨ ਲੈ ਰਹੀ ਸੀ ਤਾਂ ਉਸ ਦੀ ਹਾਲਤ ਇਕਦਮ ਖ਼ਰਾਬ ਹੋ ਗਈ ਜਿਸ ਕਾਰਨ ਪੁਲਿਸ ਨੂੰ ਰਾਕੇਸ਼ ਕੁਮਾਰ ਨੂੰ ਜਾਂਚ ਲਈ ਹਸਪਤਾਲ ਭੇਜਣਾ ਪਿਆ। ਇੰਸਪੈਕਟਰ ਸੁਰਜੀਤ ਸਿੰਘ ਗਿੱਲ ਵੱਲੋਂ ਮੌਕੇ 'ਤੇ ਮੌਜੂਦ ਇਕ ਦੁਕਾਨਦਾਰ ਦੀ ਗੱਡੀ ਮੰਗਵਾ ਕੇ ਉਸ ਨੂੰ ਹਸਪਤਾਲ ਲਿਜਾਣ ਲਈ ਆਖਿਆ ਗਿਆ।

ਪੁਲਿਸ ਦੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲੀਆ ਨਿਸ਼ਾਨ

ਬੱਸ ਸਟੈਂਡ ਦੇ ਲਾਗੇ ਜਿੱਥੇ ਜ਼ਿਆਦਾ ਸਮੇਂ ਲੋਕਾਂ ਦੀ ਭੀੜ ਲੱਗੀ ਹੁੰਦੀ ਹੈ ਅਤੇ ਦੋਆਬਾ ਮਾਰਕੀਟ ਤੋਂ ਕੁਝ ਦੂਰੀ 'ਤੇ ਹੀ ਟ੍ਰੈਫਿਕ ਪੁਲਿਸ ਦਾ ਨਾਕਾ ਵੀ ਲੱਗਾ ਹੁੰਦਾ ਹੈ ਤੇ ਲੁੱਟ ਦੀ ਵਾਰਦਾਤ ਨੇ ਇਕ ਵਾਰ ਫਿਰ ਕਮਿਸ਼ਨਰੇਟ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਇੰਨੇ ਭੀੜ ਭਾੜ ਵਾਲੀ ਥਾਂ 'ਤੇ ਲੁੱਟ ਦੀ ਵਾਰਦਾਤ ਹੋਣ ਨਾਲ ਜਿਥੇ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ ਉਥੇ ਲੋਕਾਂ ਵਿਚ ਵੀ ਪੁਲਿਸ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ।