<

p> ਜੇਐੱਨਐੱਨ, ਜਲੰਧਰ : ਇੰਡਸਟਰੀਅਲ ਏਰੀਆ ਵਿਚ ਚੱਪਲ ਫੈਕਟਰੀ ਵਿਚ ਅੱਠ ਹਜ਼ਾਰ ਰੁਪਏ 'ਤੇ ਨੌਕਰੀ ਕਰਨ ਵਾਲੇ ਵਿਨੋਦ ਕੁਮਾਰ ਲਈ ਸੋਮਵਾਰ ਦਾ ਦਿਨ ਮੰਗਲਮਈ ਹੋ ਗਿਆ। ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਦੀਵਾਲੀ ਬੰਪਰ ਲਾਟਰੀ ਲੱਗ ਗਈ ਹੈ ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਇਹੀ ਨਹੀਂ, ਫੈਕਟਰੀ ਵਿਚ ਹੀ ਰਹਿੰਦੇ ਉਸ ਦੇ ਪਰਿਵਾਰਕ ਮੈਂਬਰਾਂ ਤਕ ਜਦੋਂ ਇਹ ਸੂਚਨਾ ਪਹੁੰਚੀ ਤਾਂ ਸਾਰਿਆਂ ਦੇ ਚਿਹਰੇ ਖਿੜ ਗਏ। ਵਿਨੋਦ ਕੁਮਾਰ ਨੇ ਦੱਸਿਆ ਕਿ ਉਸ ਨੇ ਦੋਸਤਾਂ ਦੇ ਕਹਿਣ 'ਤੇ ਪਹਿਲੀ ਵਾਰ ਲਾਟਰੀ ਪਈ ਸੀ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਜਦੋਂ ਦੋਸਤਾਂ ਨਾਲ ਮੁਲਾਕਾਤ ਹੋਈ ਤਾਂ ਉਨ੍ਹਾਂ ਉਸ ਨੂੰ ਲਾਟਰੀ ਪਾਉਣ ਲਈ ਕਿਹਾ। ਸ਼ੁਰੂ ਵਿਚ ਉਸ ਨੇ ਇਸ ਦਾ ਵਿਰੋਧ ਕੀਤਾ ਕਿਉਂਕਿ 8 ਹਜ਼ਾਰ ਰੁਪਏ ਮਹੀਨਾ ਤਨਖ਼ਾਹ 'ਚ 500 ਰੁਪਏ ਦੀ ਲਾਟਰੀ ਖ਼ਰੀਦਣਾ ਕਿਸੇ ਜੋਖਮ ਤੋਂ ਘੱਟ ਨਹੀਂ ਸੀ। ਬਾਵਜੂਦ ਇਸ ਦੇ ਪਹਿਲੀ ਵਾਰ ਲਾਟਰੀ ਪਾਈ ਤਾਂ ਸੋਮਵਾਰ ਨੂੰ ਵੀਹ ਲੱਖ ਰੁਪਏ ਦਾ ਇਨਾਮ ਨਿਕਲਣ 'ਤੇ ਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਵਿਨੋਦ ਕੁਮਾਰ ਨੇ ਦੱਸਿਆ ਕਿ ਪਤਨੀ ਚੰਦਰਾਵਤੀ ਤੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਫ਼ੈਸਲੇ ਦੀ ਪ੍ਰਸ਼ੰਸਾ ਕੀਤੀ ਹੈ। ਮੂਲ ਰੂਪ ਵਿਚ ਬਿਹਾਰ ਦੇ ਰਹਿਣ ਵਾਲੇ ਵਿਨੋਦ ਕੁਮਾਰ ਦਾ ਪਰਿਵਾਰ ਵੀ ਇਸੇ ਫੈਕਟਰੀ ਵਿਚ ਰਹਿੰਦਾ ਹੈ ਤੇ ਆਰਥਿਕ ਤੰਗੀ ਕਾਰਨ ਉਹ ਓਵਰ ਟਾਈਮ ਲਗਾ ਕੇ 12 ਹਜ਼ਾਰ ਰੁਪਏ ਕਮਾ ਲੈਂਦਾ ਹੈ। ਉਸ ਨੇ ਕਿਹਾ ਕਿ ਇਸ ਰਾਸ਼ੀ ਨਾਲ ਉਹ ਧੀ ਦਾ ਵਿਆਹ ਕਰੇਗਾ ਅਤੇ ਬਾਕੀ ਬਚੇ ਪੈਸਿਆਂ ਨਾਲ ਪਿੰਡ ਵਿਚ ਜ਼ਮੀਨ ਖ਼ਰੀਦ ਕੇ ਖੇਤੀ ਕਰੇਗਾ।