ਜਤਿੰਦਰ ਪੰਮੀ, ਜਲੰਧਰ : ਕੇਂਦਰੀ ਵਿਦਿਆਲਾ ਸੰਗਠਨ ਦੇ 50ਵੇਂ ਕੌਮੀ ਖੇਡ ਮੁਕਾਬਲੇ (ਕੁੜੀਆਂ) ਐੱਲਪੀਯੂ ਵਿਚ ਮੰਗਲਵਾਰ ਨੂੰ ਸ਼ੁਰੂ ਹੋ ਗਏ। ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਕੇਵੀਐੱਸ ਖੇਤਰੀ ਦਫ਼ਤਰ ਚੰਡੀਗੜ੍ਹ ਰਣਵੀਰ ਸਿੰਘ ਵੱਲੋਂ ਕੀਤਾ ਗਿਆ, ਜਦੋਂਕਿ ਵਿਸ਼ੇਸ਼ ਮਹਿਮਾਨ ਵਜੋਂ ਐੱਲਪੀਯੂ ਦੇ ਸੀਨੀਅਰ ਡੀਨ ਡਾ. ਲਵਿਰਾਜ ਗੁਪਤਾ ਹਾਜ਼ਰ ਹੋਏ। ਇਨ੍ਹਾਂ ਮੁਕਾਬਲਿਆਂ ਦੌਰਾਨ ਹੈਂਡ ਬਾਲ ਅਤੇ ਹਾਕੀ ਦੇ ਅੰਡਰ-14 ਤੇ ਅੰਡਰ-17 ਟੀਮਾਂ ਵਿਚਾਲੇ ਮੁਕਾਬਲੇ ਹੋਣਗੇ, ਜਿਸ ਲਈ 702 ਵਿਦਿਆਰਥਣਾਂ ਹਿੱਸਾ ਲੈ ਰਹੀਆਂ ਹਨ। ਮਹਿਮਾਨਾਂ ਦਾ ਸਵਾਗਤ ਸਹਾਇਕ ਕਮਿਸ਼ਨਰ ਕੇਵੀਐੱਸ ਟੀ ਰੁਕਮਨੀ ਨੇ ਕੀਤਾ। ਉਦਘਾਟਨੀ ਸਮਾਗਮ ਮੌਕੇ ਕੇਵੀ ਹੁਸੈਨਪੁਰ ਤੇ ਕੇਵੀ ਸੂਰਾਨੁੱਸੀ ਦੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰਰੋਗਰਾਮ ਪੇਸ਼ ਕੀਤਾ। ਮੁੱਖ ਮਹਿਮਾਨ ਰਣਵੀਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡਾਂ ਖੇਡ ਦੀ ਭਾਵਨਾ ਨਾਲ ਖੇਡਣੀਆਂ ਚਾਹੀਦੀਆਂ ਹਨ। ਪੜ੍ਹਾਈ ਦੇ ਨਾਲ਼-ਨਾਲ਼ ਖੇਡਾਂ ਵੀ ਜ਼ਰੂਰੀ ਹਨ। ਮੁੱਖ ਮਹਿਮਾਨ ਤੇ ਹੋਰਨਾਂ ਦਾ ਧੰਨਵਾਦ ਪਿ੍ਰੰਸੀਪਲ ਸੋਮਦੱਤ ਵੱਲੋਂ ਕੀਤਾ ਗਿਆ।

ਖੇਡ ਮੁਕਾਬਲਿਆਂ ਦੇ ਪਹਿਲੇ ਦਿਨ ਹਾਕੀ ਦੇ ਮੁਕਾਬਲੇ ਸੁਰਜੀਤ ਹਾਕੀ ਸਟੇਡੀਅਮ 'ਚ ਹੋਏ। ਅੰਡਰ-17 ਹਾਕੀ ਦੇ ਤਿੰਨ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਲਖਨਊ ਰਿਜ਼ਨ ਨੇ ਅਹਿਮਦਾਬਾਦ ਨੂੰ 2-0 ਨਾਲ, ਜੈਪੁਰ ਨੇ ਮੁੰਬਈ ਨੂੰ 2-1 ਨਾਲ ਤੇ ਦਿੱਲੀ ਨੇ ਬੈਂਗਲੁਰੂ ਨੂੰ 2-0 ਨਾਲ ਹਰਾਇਆ। ਅੰਡਰ -14 ਦਾ ਇਕ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਲਖਨਊ ਰਿਜ਼ਨ ਨੇ ਦਿੱਲੀ ਨੂੰ 3-0 ਨਾਲ ਮਾਤ ਦਿੱਤੀ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ ਵੀ ਹਾਜ਼ਰ ਸਨ, ਜਿਨ੍ਹਾਂ ਵਿਚ ਸੋਮਦੱਤ, ਮੀਨਾਕਸ਼ੀ, ਹਰਜੀਤ, ਦੀਪਿਕਾ ਸੰਧੂ, ਕਰਮਵੀਰ ਸਿੰਘ, ਕੇਐੱਸ ਸੰਘਾ, ਸਤਨਾਮ ਸਿੰਘ, ਧਰਮ ਸਿੰਘ, ਵਾਈਸ ਪਿ੍ਰੰਸੀਪਲ ਰੋਜ਼ੀ ਤੇ ਮੀਨਾ ਕੁਮਾਰੀ ਆਦਿ ਤੋਂ ਇਲਾਵਾ ਕੇਵੀਐੱਸ ਮੁੱਖ ਦਫ਼ਤਰ ਦਿੱਲੀ ਤੋਂ ਡਾ. ਐੱਲਕੇ ਰੰਧਾਵਾ ਤੇ ਸਰਵਣ ਕੁਮਾਰ ਟੈਕਨੀਕਲ ਆਬਜ਼ਰਵਜ਼ ਵਜੋਂ ਮੌਜੂਦ ਸਨ।