ਜਤਿੰਦਰ ਪੰਮੀ, ਜਲੰਧਰ : ਪਿਛਲੇ ਸਾਲ 30 ਅਗਸਤ ਨੂੰ ਲੁਟੇਰਿਆਂ ਨਾਲ ਦਸਤਪੰਜਾ ਲੈਣ ਵਾਲੀ 15 ਸਾਲਾ ਬਹਾਦਰ ਕੁੜੀ ਕੁਸੁਮ ਦੀ ਇੰਡੀਅਨ ਕੌਂਸਲ ਫਾਰ ਚਾਈਲਡ ਵੈੱਲਫੇਅਰ ਵੱਲੋਂ ਕੌਮੀ ਬਹਾਦਰੀ ਐਵਾਰਡ ਲਈ ਚੋਣ ਹੋ ਗਈ ਹੈ। ਕੁਸੁਮ ਦੇ ਕੌਮੀ ਬਹਾਦਰੀ ਐਵਾਰਡ ਲਈ ਚੁਣੇ ਜਾਣ ’ਤੇ ਉਸ ਨੂੰ ਵਧਾਈ ਦਿੰਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਕੁਸੁਮ ਦੇ ਅਪਰਾਧਕ ਅਨਸਰਾਂ ਖ਼ਿਲਾਫ਼ ਬਹਾਦਰੀ ਭਰੇ ਕਾਰਨਾਮੇ ਲਈ ਪੂਰੇ ਜ਼ਿਲ੍ਹੇ ਨੂੰ ਉਸ ’ਤੇ ਮਾਣ ਹੈ ਕਿਉਂਕਿ ਉਸ ਨੇ ਕੁੜੀਆਂ ਸਾਹਮਣੇ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਹੈ।

ਡੀਸੀ ਥੋਰੀ ਨੇ ਕਿਹਾ ਕਿ ਪਿਛਲੇ ਸਾਲ ਵਾਪਰੀ ਇਸ ਘਟਨਾ ਤੋਂ ਬਾਅਦ ਕੁਸੁਮ ਦੀ ਬਹਾਦਰੀ ਤੋਂ ਖੁਸ਼ ਹੋ ਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਦਾ ਇਕ ਲੱਖ ਰੁਪਏ ਵਿੱਤੀ ਸਹਾਇਤਾ ਭੇਜੀ ਸੀ ਜੋ ਕਿ ਪ੍ਰਸ਼ਾਸਨ ਵੱਲੋਂ ਉਸ ਨੂੰ ਦਿੱਤੀ ਗਈ ਸੀ। ਇਥੇ ਦੱਸਣਯੋਗ ਹੈ ਕਿ 8ਵੀਂ ਜਮਾਤ ਦੀ ਵਿਦਿਆਰਥਣ ਕੁਸੁਮ ਜਦੋਂ 30 ਅਗਸਤ ਨੂੰ ਟਿਊਸ਼ਨ ਪੜ੍ਹਨ ਜਾ ਰਹੀ ਸੀ ਤਾਂ ਵਰਕਸ਼ਾਪ ਚੌਕ ਤੋਂ ਸੋਢਲ ਰੋਡ ਦੇ ਰਸਤੇ ’ਚ ਪੈਂਦੇ ਦੀਨ ਦਿਆਲ ਉਪਾਧਿਆਏ ਨਗਰ ’ਚ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦਾ ਮੋਬਾਈਲ ਝਪਟਣ ਲਈ ਹਮਲਾ ਕੀਤਾ ਤਾਂ ਕੁਸੁਮ ਨੇ ਮੋਬਾਈਲ ਨਾ ਛੱਡਿਆ।

ਇਸ ’ਤੇ ਇਕ ਲੁਟੇਰੇ ਨੇ ਦਾਤਰ ਨਾਲ ਵਾਰ ਕਰਕੇ ਉਸ ਦਾ ਖੱਬਾ ਗੁੱਟ ਵੱਢ ਦਿੱਤਾ ਸੀ ਪਰ ਕੁਸੁਮ ਨੇ ਇਸ ਪ੍ਰਵਾਹ ਕੀਤੇ ਬਿਨਾਂ ਦਲੇਰੀ ਨਾਲ ਲੁਟੇਰਿਆਂ ਨਾਲ ਲੋਹਾ ਲਿਆ ਅਤੇ ਇਕ ਲੁਟੇਰੇ ਨੂੰ ਟੀ-ਸ਼ਰਟ ਤੋਂ ਫੜ ਕੇ ਮੋਟਰਸਾਈਕਲ ਤੋਂ ਹੇਠਾਂ ਸੁੱਟ ਲਿਆ। ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਬਾਹਰ ਆ ਗਏ ਅਤੇ ਉਨ੍ਹਾਂ ਨੇ ਲੁਟੇਰੇ ਨੂੰ ਕਾਬੂ ਕਰ ਲਿਆ। ਪੁਲਿਸ ਨੇ ਲੁਟੇਰੇ ਦੀ ਪਛਾਣ ਕਰ ਲਈ ਸੀ ਅਤੇ ਉਸ ਦੇ ਦੂਜੇ ਸਾਥੀ ਨੂੰ ਵੀ ਗਿ੍ਰਫ਼ਤਾਰ ਕਰ ਲਿਆ ਗਿਆ ਸੀ।

ਕੁਸੁਮ ਵੱਲੋਂ ਲੁਟੇਰਿਆਂ ਨਾਲ ਦਸਤਪੰਜਾ ਲੈਣ ਮੌਕੇ ਦੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ, ਜਿਸ ਦੇ ਵਾਇਰਲ ਹੋਣ ਨਾਲ ਕੁਸੁਮ ਦੇ ਇਸ ਬਹਾਦਰੀ ਭਰੇ ਕਾਰਨਾਮੇ ਦੀ ਸ਼ਹਿਰ ਤੇ ਦੇਸ਼ ਭਰ ਤੋਂ ਇਲਾਵਾ ਵਿਦੇਸ਼ਾਂ ’ਚ ਵੀ ਚਰਚਾ ਹੋਈ। ਲੋਕਾਂ ਨੇ ਕੁਸੁਮ ਦੀ ਇਸ ਬਹਾਦਰੀ ਨੂੰ ਸਲਾਮ ਕਰਦਿਆਂ ਉਸ ਦੀ ਖੂਬ ਸ਼ਲਾਘਾ ਕੀਤੀ ਸੀ। ਕੁਸੁਮ ਦੇ ਇਲਾਜ ਦਾ ਸਾਰਾ ਖਰਚਾ ਨਿੱਜੀ ਹਸਪਤਾਲ ਜਿਥੇ ਉਹ ਜ਼ੇਰੇ ਇਲਾਜ ਸੀ, ਵੱਲੋਂ ਚੁੱਕਿਆ ਗਿਆ ਸੀ।

ਸੂਬਾ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਨੇ ਇਕ ਲੱਖ ਰੁਪਏ ਤੇ ਪੁਲਿਸ ਕਮਿਸ਼ਨਰ ਨੇ 50,000 ਰੁਪਏ ਤੇ ਨਵਾਂ ਮੋਬਾਈਲ ਲੈ ਕੇ ਦਿੱਤਾ ਸੀ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੇ ਉਸ ਨੂੰ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮਿਸ਼ਨ ਤਹਿਤ ਜ਼ਿਲ੍ਹੇ ਦੀ ਬ੍ਰਾਂਡ ਅੰਬੈਸਡਰ ਵੀ ਐਲਾਨਿਆ ਸੀ ਅਤੇ ਪੀਏਪੀ ਫਲਾਈਓਵਰ ਦੇ ਹੇਠਾਂ ਉਸ ਦੀ ਗ੍ਰੈਫਟੀ ਵੀ ਬਣਵਾਈ ਸੀ। ਕੁਸੁਮ ਦੇ ਨਾਮ ਦੀ ਕੌਮੀ ਬਹਾਦਰੀ ਐਵਾਰਡ ਲਈ ਸਿਫਾਰਿਸ਼ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਕੌਂਸਲ ਫਾਰ ਚਾਈਲਡ ਵੈੱਲਫੇਅਰ ਨੂੰ ਕੀਤੀ ਗਈ ਸੀ, ਜਿਸ ਵੱਲੋਂ ਉਸ ਦੀ ਚੋਣ ਕਰ ਲਈ ਗਈ ਹੈ। ਉਸ ਨੂੰ ਇਹ ਐਵਾਰਡ ਅਗਲੇ ਮਹੀਨੇ ਕੌਮੀ ਪੱਧਰ ਦੇ ਸਮਾਗਮ ’ਚ ਦਿੱਤੇ ਜਾਵੇਗਾ।

Posted By: Jagjit Singh