ਰਾਕੇਸ਼ ਗਾਂਧੀ, ਜਲੰਧਰ : ਜਲੰਧਰ ਦੇ ਬਸਤੀਆਤ ਇਲਾਕੇ ਵਿੱਚ ਪੈਂਦੇ ਗੌਤਮ ਨਗਰ ਵਾਸੀ ਇੱਕ ਨੌਜਵਾਨ ਫਿਰ ਜਾਅਲੀ ਟਰੈਵਲ ਏਜੰਟਾਂ ਦੇ ਹੱਥੇ ਚੜ੍ਹ ਗਿਆ ਅਤੇ ਉਸ ਨੂੰ ਧੋਖੇ ਨਾਲ ਸਕਿਓਰਟੀ ਗਾਰਡ ਦੀ ਨੌਕਰੀ ਦਾ ਕਹਿ ਕੇ ਦੁਬਈ ਵਿੱਚ ਸ਼ਰਾਬ ਦੇ ਧੰਦੇ ਵਿੱਚ ਪਾ ਦਿੱਤਾ। ਜਦ ਉਸ ਨੇ ਸ਼ਰਾਬ ਦਾ ਕੰਮ ਕਰਨ ਤੋਂ ਮਨ੍ਹਾ ਕੀਤਾ ਤਾਂ ਉਸਦਾ ਦੁਬਈ ਵਿੱਚ ਕਤਲ ਕਰ ਦਿੱਤਾ ਗਿਆ। ਜਦ ਅੱਜ ਉਸ ਦੀ ਲਾਸ਼ ਉਸ ਦਾ ਭਰਾ ਲੈ ਕੇ ਜਲੰਧਰ ਪਹੁੰਚਿਆ ਤਾਂ ਘਰ ਵਾਲਿਆਂ ਦੇ ਨਾਲ ਨਾਲ ਮੁਹੱਲਾਵਾਸੀਆਂ ਦੀਆਂ ਵੀ ਅੱਖਾਂ ਹੰਝੂਆਂ ਨਾਲ ਭਰ ਆਈਆਂ ।


ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਉਰਫ ਦੀਪਾ ਵਾਸੀ ਗੌਤਮ ਨਗਰ ਜਲੰਧਰ ਦੇ ਦੇ ਟਰੈਵਲ ਏਜੰਟਾਂ ਦੇ ਜ਼ਰੀਏ ਦੁਬਈ ਗਿਆ ਸੀ ।ਟ੍ਰੈਵਲ ਏਜੰਟਾਂ ਨੇ ਇੱਥੋਂ ਦੁਬਈ ਭੇਜਦੇ ਹੋਏ ਕਿਹਾ ਸੀ ਕਿ ਕੁਲਦੀਪ ਨੂੰ ਉਥੇ ਸਕਿਓਰਿਟੀ ਗਾਰਡ ਦੀ ਨੌਕਰੀ ਵਿੱਚ ਲਗਵਾਇਆ ਗਿਆ ਹੈ ਅਤੇ ਜਾਂਦੇ ਹੀ ਉਹ ਸਕਿਓਰਿਟੀ ਗਾਰਡ ਦਾ ਕੰਮ ਸ਼ੁਰੂ ਕਰ ਦੇਵੇਗਾ । 11 ਮਈ ਨੂੰ ਕੁਲਦੀਪ ਦੁਬਈ ਪਹੁੰਚਿਆ ਅਤੇ ਉੱਥੇ ਜਾਂਦਿਆਂ ਹੀ ਟਰੈਵਲ ਏਜੰਟ ਦੇ ਬੰਦਿਆਂ ਨੇ ਉਸ ਨੂੰ ਸ਼ਰਾਬ ਦਾ ਕੰਮ ਕਰਨ ਲਈ ਮਜਬੂਰ ਕਰ ਦਿੱਤਾ। ਪਰ ਕੁਲਦੀਪ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਤਾਂ ਇੱਥੇ ਸਕਿਓਰਟੀ ਗਾਰਡ ਦਾ ਹੀ ਕੰਮ ਕਰੇਗਾ ।ਸ਼ਰਾਬ ਦਾ ਕੰਮ ਕਰਨ ਲਈ ਉਹ ਡੁਬਈ ਨਹੀਂ ਆਇਆ। ਜਿਸ ਕਾਰਨ ਸ਼ਰਾਬ ਵੇਚਣ ਵਾਲੇ ਉਸ ਨਾਲ ਖੁੰਦਕ ਰੱਖਣ ਲੱਗ ਪਏ। ਕੁਲਦੀਪ ਨੇ 22 ਮਈ ਨੂੰ ਘਰ ਵਾਲਿਆਂ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਹ ਇੱਥੇ ਫਸ ਗਿਆ ਹੈ ।ਉਹ ਸ਼ਰਾਬ ਦਾ ਕੰਮ ਨਹੀਂ ਕਰਨਾ ਚਾਹੁੰਦਾ ਪਰ ਟਰੈਵਲ ਏਜੰਟ ਦੇ ਬੰਦੇ ਉਸ ਨੂੰ ਧੱਕੇ ਨਾਲ ਸ਼ਰਾਬ ਦੇ ਧੰਦੇ ਵਿੱਚ ਪਾ ਰਹੇ ਹਨ ਜਿਸ ਕਾਰਨ ਉਹ ਬਹੁਤ ਦੁਖੀ ਹੈ।

ਉਸ ਦਿਨ ਤੋਂ ਬਾਅਦ ਕੁਲਦੀਪ ਦਾ ਕੋਈ ਵੀ ਫੋਨ ਜਲੰਧਰ ਨਹੀਂ ਪਾਇਆ ਤਾਂ ਘਰ ਵਾਲਿਆਂ ਨੂੰ ਚਿੰਤਾ ਹੋਣ ਲੱਗੀ। ਇਸ ਕਾਰਨ 2 ਜੂਨ ਨੂੰ ਉਸ ਦਾ ਭਰਾ ਲਖਵੀਰ ਦੁਬਈ ਪਹੁੰਚਿਆ। ਜਦ ਉਹ ਦੁਬਈ ਪਹੁੰਚਿਆ ਤਾਂ ਕੁਲਦੀਪ ਦੇ ਦੋਸਤਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੁਝ ਲੋਕਾਂ ਨੇ ਕੁਲਦੀਪ ਦਾ ਕਤਲ ਕਰ ਦਿੱਤਾ ਹੈ ਅਤੇ ਉਸ ਦੀ ਲਾਸ਼ ਹਸਪਤਾਲ ਵਿਚ ਪਈ ਹੋਈ ਹੈ। ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਉਸ ਦੀ ਲਾਸ਼ ਲੈ ਕੇ ਅੱਜ ਐਤਵਾਰ ਲਖਬੀਰ ਜਲੰਧਰ ਪਹੁੰਚਿਆ ਤਾਂ ਘਰ ਵਿੱਚ ਕੋਹਰਾਮ ਮੱਚ ਗਿਆ ਅਤੇ ਮੁਹੱਲੇ ਦੇ ਲੋਕਾਂ ਵਿੱਚ ਵੀ ਦੁੱਖ ਦੀ ਲਹਿਰ ਦੌੜ ਪਈ ।ਲਖਵੀਰ ਨੇ ਦੱਸਿਆ ਕਿ ਉਨ੍ਹਾਂ ਨੇ ਦੋਵੇਂ ਟਰੈਵਲ ਏਜੰਟਾਂ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਹੈ ਅਤੇ ਪੁਲਸ ਕਮਿਸ਼ਨਰ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।

Posted By: Jagjit Singh