ਸਰਕਾਰੀ ਨਰਸਿੰਗ ਸਕੂਲ 'ਚ ਮਨਾਇਆ 'ਵਿਸ਼ਵ ਹਲ਼ਕਾਅ ਦਿਵਸ'

ਜਤਿੰਦਰ ਪੰਮੀ, ਜਲੰਧਰ

ਜੇਕਰ ਕੁੱਤੇ ਦੇ ਵੱਢਣ ਤੋਂ ਬਾਅਦ ਸਮੇਂ ਸਿਰ ਟੀਕੇ ਲਗਵਾਏ ਲਏ ਜਾਣ ਤਾਂ ਹਲ਼ਕਾਅ ਤੋਂ ਬਚਾਅ ਹੋ ਸਕਦਾ ਹੈ। ਕੁੱਤੇ ਦੇ ਵੱਢਣ ਨੂੰ ਅਣਦੇਖਿਆ ਨਾ ਕਰੋ ਕਿਉਂਕਿ ਇਹ ਜਾਨਲੇਵਾ ਹੋ ਸਕਦਾ ਹੈ। ਜਦੋਂ ਕੁੱਤਾ ਵੱਢੇ ਉਸੇ ਵੇਲੇ ਤੁਰੰਤ ਡਾਕਟਰੀ ਇਲਾਜ ਕਰਵਾਓ। ਰੇਬੀਜ਼ ਸੌ ਫੀਸਦੀ ਘਾਤਕ ਰੋਗ ਹੈ ਪਰ ਇਸ ਤੋਂ ਆਸਾਨੀ ਨਾਲ ਬਚਾਅ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਸਤੀਸ਼ ਕੁਮਾਰ ਜ਼ਿਲ੍ਹਾ ਐਪੀਡੈਮੀਅੋਲੋਜਿਸਟ ਨੇ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਨੈਸ਼ਨਲ ਰੇਬੀਜ਼ ਕੰਟਰੋਲ ਪ੍ਰਰੋਗਰਾਮ ਤਹਿਤ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਜ਼ਿਲ੍ਹਾ ਹਸਪਤਾਲ ਦੇ ਸਰਕਾਰੀ ਨਰਸਿੰਗ ਸਕੂਲ ਵਿਖੇ 'ਵਿਸ਼ਵ ਹਲਕਾਅ ਦਿਵਸ' ਮਨਾਉਣ ਮੌਕੇ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਵਿਸ਼ਵ ਹਲ਼ਕਾਅ ਦਿਵਸ ਦਾ ਮੱੁਖ ਮੰਤਵ 'ਵੈਕਸੀਨੇਟ ਟੂ ਇਲੀਮੀਨੇਟ' ਹੈ।

ਡਾ. ਸਤੀਸ਼ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਚੰਗੀ ਸਿਹਤ ਲਈ ਵਚਨਬੱਧ ਹੈ। ਰੇਬੀਜ਼ ਤੋਂ ਬਚਾਅ ਲਈ ਕੁੱਤੇ ਵੱਲੋਂ ਕੱਟੇ ਜਾਣ ਦੀ ਹਾਲਤ ਵਿਚ ਜ਼ਖਮ ਨੂੰ ਜਲਦੀ ਤੋਂ ਜਲਦੀ ਚੱਲਦੇ ਨਲਕੇ/ਟੂਟੀ ਦੇ ਪਾਣੀ ਅਤੇ ਸਾਬਣ ਨਾਲ ਧੋ ਲੈਣਾ ਚਾਹੀਦਾ ਹੈ ਅਤੇ ਬਿਨਾਂ ਕਿਸੇ ਦੇਰੀ ਤੋਂ ਡਾਕਟਰ ਨਾਲ ਇਲਾਜ ਲਈ ਸੰਪਰਕ ਕਰਨਾ ਚਾਹੀਦਾ ਹੈ। ਜਾਨਵਰ ਦੇ ਵੱਢਣ ਜਾਂ ਖਰੋਚਾਂ ਨੂੰ ਅਣਦੇਖਿਆ ਨਹੀਂ ਕਰਨਾ ਚਾਹੀਦਾ। ਤੁਰੰਤ ਨੇੜਲੇੇ ਸਰਕਾਰੀ ਹਸਪਤਾਲ ਜਾ ਕੇ ਹਲ਼ਕਾਅ ਦੇ ਟੀਕੇ ਲਗਵਾਉਣੇ ਚਾਹੀਦੇ ਹਨ। ਇਕ ਵਾਰ ਐਂਟੀ ਰੇਬੀਜ਼ ਟੀਕਾਕਰਨ ਸ਼ੁਰੂ ਹੋਣ ਤੋਂ ਬਾਅਦ ਡਾਕਟਰ ਦੀਆਂ ਹਦਾਇਤਾਂ ਅਨੁਸਾਰ ਹੀ ਸਾਰੀ ਖੁਰਾਕ ਪੂਰੀ ਕੀਤੀ ਜਾਵੇ ਅਤੇ ਸਮੇਂ ਤੇ ਮੁਕੰਮਲ ਟੀਕੇ ਹੀ ਰੇਬੀਜ਼ ਤੋਂ ਬਚਾਅ ਹੈ। ਉਨ੍ਹਾਂ ਕਿਹਾ ਕਿ ਅਗਰ ਹਲ਼ਕਿਆ ਕੁੱਤਾ ਵੱਢ ਜਾਵੇ ਤਾਂ ਰੇਬੀਜ਼ ਲੱਛਣ ਹਨ ਜਿਵੇਂ ਲਾਗ, ਬੇਹੋਸ਼ੀ, ਬੁਖਾਰ, ਗਲ਼ੇ ਦਾ ਖਰਾਬ ਹੋਣਾ, ਭੁੱਖ ਦਾ ਘੱਟ ਲੱਗਣਾ, ਸਾੜਵਾਂ ਦਰਦ, ਫੋੜੇ ਹੋਣਾ, ਚਮਕ ਅਤੇ ਉੱਚੀ ਆਵਾਜ਼ ਬਰਦਾਸ਼ਤ ਨਾ ਹੋਣਾ, ਨਿਗਲਣ ਵਿਚ ਮੁਸ਼ਕਲ ਹੋਣਾ, ਕੋਰੈਈਜਾ ਜਾਂ ਮੌਤ ਵੀ ਹੋ ਸਕਦੀ। ਕੁੱਤੇ ਵੱਲੋਂ ਵੱਢੇ ਜਾਣ 'ਤੇ ਇਲਾਜ ਲਈ ਟੀਕੇ ਸਰਕਾਰੀ ਜ਼ਿਲ੍ਹਾ ਹਸਪਤਾਲਾਂ, ਸਬ ਡਵੀਜ਼ਨਲ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਵਿਚ ਮੁਫ਼ਤ ਲਗਾਏ ਜਾਂਦੇ ਹਨ।

ਪਿੰ੍ਸੀਪਲ ਸਰੋਜ ਬਾਲਾ ਨੇ ਕਿਹਾ ਕਿ ਕਈ ਲੋਕ ਅਨਪੜ੍ਹਤਾ ਕਰ ਕੇ ਵਹਿਮਾਂ-ਭਰਮਾਂ ਵਿਚ ਫਸ ਕੇ ਕੁੱਤੇ ਦੇ ਵੱਢਣ ਤੋਂ ਝਾੜਾ ਕਰਾਉਣਾ, ਜ਼ਖ਼ਮ 'ਤੇ ਘਰੇਲੂ ਇਲਾਜ ਜਿਵੇਂ ਮਿਰਚਾਂ, ਤੇਲ, ਚੂਨਾ, ਜੜ੍ਹੀਆਂ-ਬੂਟੀਆਂ, ਸੁਪਾਰੀ, ਪੱਤੇ ਦੀ ਵਰਤੋਂ ਨਾ ਕੀਤੀ ਜਾਵੇ। ਹਲ਼ਕਾਅ (ਰੇਬੀਜ਼) ਨੂੰ ਅਣਦੇਖਿਆ ਨਹੀਂ ਕਰਨਾ ਚਾਹੀਦਾ ਅਤੇ ਕੁੱਤਿਆਂ ਤੋਂ ਆਪਣੇ ਪਰਿਵਾਰ ਨੂੰ ਹਮੇਸ਼ਾ ਸੁਰੱਖਿਅਤ ਰੱਖਣਾ ਚਾਹੀਦਾ ਹੈ। ਇਸ ਮੌਕੇ ਸਿਹਤ ਵਿਭਾਗ ਵੱਲੋਂ ਹਲਕਾਅ ਸਬੰਧੀ ਜਾਗਰੂਕਤਾ ਆਈਈਸੀ ਲਿਟਰੇਚਰ ਵੀ ਵੰਡਿਆ ਗਿਆ।

ਇਸ ਮੌਕੇ ਵਾਈਸ ਪਿ੍ਰੰਸੀਪਲ ਲਖਵੀਰ ਕੌਰ, ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਜਗਤ ਰਾਮ ਭੱਟੀ ਸਹਾਇਕ ਮਲੇਰੀਆ ਅਫਸਰ, ਕੁਲਵੰਤ ਸਿੰਘ ਟਾਂਡੀ ਸਹਾਇਕ ਮਲੇਰੀਆ ਅਫਸਰ, ਦਰਸ਼ਨ ਭੱਟੀ ਸਹਾਇਕ ਮਲੇਰੀਆ ਅਫਸਰ ਸੁਖਜਿੰਦਰ ਸਿੰਘ ਐੱਸਆਈ, ਵਿਜੇ ਕੁਮਾਰ ਐੱਸਆਈ, ਮਨਜੀਤ ਸਿੰਘ ਐੱਮਪੀਐੱਚਡਬਲਯੂ (ਮੇਲ) ਨਰਸਿੰਗ ਸਕੂਲ ਦੇ ਫੈਕਲਟੀ ਮੈਂਬਰ ਅਤੇ ਨਰਸਿੰਗ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।