ਪੱਤਰ ਪ੍ਰੇਰਕ, ਜਲੰਧਰ ਛਾਉਣੀ : ਅਕਾਲ ਸੇਵਕ ਸੁਸਾਇਟੀ ਦਾਤਾਰ ਨਗਰ ਰਾਮਾ ਮੰਡੀ ਤੇ ਸਮੂਹ ਸਾਧ ਸੰਗਤ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜ਼ਾਦਿਆਂ ਨੂੰ ਸਮਰਪਿਤ 8ਵਾਂ ਮਹਾਨ ਕੀਰਤਨ ਦਰਬਾਰ 3 ਦਸੰਬਰ ਨੂੰ ਦਾਤਾਰ ਨਗਰ 'ਚ ਰਾਮਾ ਮੰਡੀ-ਹੁਸ਼ਿਆਰਪੁਰ ਰੋਡ 'ਤੇ ਕਰਵਾਇਆ ਜਾ ਰਿਹਾ ਹੈ। ਕੀਰਤਨ ਦਰਬਾਰ ਦੀਆਂ ਤਿਆਰੀਆਂ ਸਬੰਧੀ ਰਾਮਾ ਮੰਡੀ ਵਿਚ ਮੀਟਿੰਗ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰਾਂ ਵੱਲੋ ਕੀਰਤਨ ਦਰਬਾਰ ਦਾ ਪੋਸਟਰ ਜਾਰੀ ਕੀਤਾ ਗਿਆ। ਮੀਟਿੰਗ ਦੌਰਾਨ ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਕੀਰਤਨ ਦਰਬਾਰ ਸ਼ਾਮ 4 ਵਜੇ ਸ਼ੁਰੂ ਹੋ ਕੇ ਰਾਤ 11 ਵਜੇ ਤਕ ਚੱਲੇਗਾ। ਕੀਰਤਨ ਦਰਬਾਰ ਵਿਚ ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲੇ, ਭਾਈ ਹਰਜੀਤ ਸਿੰਘ ਜਲੰਧਰ ਛਾਉਣੀ, ਗਿਆਨੀ ਮਹਿਲ ਸਿੰਘ ਕਵਾਸ਼ਰੀ ਜਥਾ, ਭਾਈ ਬਿਕਰਮਜੀਤ ਸਿੰਘ ਅੰਮਿ੍ਰਤਸਰ ਵਾਲੇ ਸੰਗਤ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ। ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਗਿਆਨੀ ਹਰਪਾਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ, ਸੰਤ ਬਲਵੀਰ ਸਿੰਘ, ਸੰਤ ਹਰਜਿੰਦਰ ਸਿੰਘ ਚਾਹ ਵਾਲੇ, ਸੰਤ ਰਣਜੀਤ ਸਿੰਘ ਡੇਰਾ ਲਾਇਲਪੁਰੀ, ਸੰਤ ਬੁੱਧ ਸਿੰਘ ਨਿੱਕੇ ਘੁੰਮਣਾਂ ਵਾਲੇ, ਸੰਤ ਦਿਲਾਵਰ ਸਿੰਘ ਬ੍ਰਹਮ ਜੀ ਜੱਬੜਾਂ ਵਾਲੇ, ਸੰਤ ਜਸਵਿੰਦਰ ਸਿੰਘ ਬਸ਼ੀਰ ਪੁਰੇ ਵਾਲੇ, ਸੰਤ ਸੁਖਵਿੰਦਰ ਸਿੰਘ ਮੱਲਕ ਪੁਰ ਵਾਲੇ, ਗਿਆਨੀ ਕੁਲਵਿੰਦਰ ਸਿੰਘ ਅਰਦਾਸੀਏ ਸ੍ਰੀ ਦਰਬਾਰ ਸਾਹਿਬ ਕੀਰਤਨ ਦਰਬਾਰ ਵਿਚ ਪਹੁੰਚਣਗੇ। ਸੁਸਾਇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਗਰ ਕੀਰਤਨ ਦੇ ਰੂਪ ਵਿਚ ਬੈਂਡ ਵਾਜਿਆਂ ਨਾਲ ਬਾਅਦ ਦੁਪਿਹਰ 1.30 ਵਜੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਦਤਾਰ ਨਗਰ ਤੋਂ ਪੰਡਾਲ ਵਿਚ ਲਿਆਂਦੇ ਜਾਣਗੇ। ਇਸ ਮੌਕੇ ਫ੍ਰੀ ਮੈਡੀਕਲ ਕੈਂਪ ਤੇ ਖ਼ੂਨਦਾਨ ਕੈਂਪ ਜੌਹਲ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ। ਕੈਂਪ ਦੌਰਾਨ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ।