ਮਨੋਜ ਤਿ੫ਪਾਠੀ, ਜਲੰਧਰ : 'ਪੰਜਾਬੀ ਏਕਤਾ ਪਾਰਟੀ' ਬਣਾ ਕੇ ਆਮ ਆਦਮੀ ਪਾਰਟੀ ਦੀਆਂ ਮੁਸ਼ਕਿਲਾਂ ਵਧਾਉਣ ਵਾਲੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਪ ਛੱਡਣ ਦੇ ਬਾਅਦ ਵੀ ਕੇਜਰੀਵਾਲ ਨੂੰ ਛੱਡਣ ਦੇ ਮੂਡ ਵਿਚ ਨਹੀਂ ਹਨ। ਉਹ ਸਪੱਸ਼ਟ ਕਹਿੰਦੇ ਹਨ ਕਿ ਕੇਜਰੀਵਾਲ ਦੀ ਪੋਲ ਖੋਲ੍ਹ ਕੇ ਰਹਿਣਗੇ। ਉਨ੍ਹਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ, ਹੁਣ ਉਡੀਕ ਕਰ ਰਹੇ ਹਨ ਕਿ ਕੇਜਰੀਵਾਲ ਵਿਧਾਨ ਸਭਾ ਤੋਂ ਉਨ੍ਹਾਂ ਦੀ ਮੈਂਬਰਸ਼ਿਪ ਖਤਮ ਕਰਵਾਉਣ। ਉਸ ਦੇ ਬਾਅਦ ਉਹ ਕੇਜਰੀਵਾਲ ਦੇ ਖ਼ਿਲਾਫ਼ ਪੋਲ ਖੋਲ੍ਹ ਮੁਹਿੰਮ ਸ਼ੁਰੂ ਕਰਨਗੇ। ਜ਼ਿਕਰਯੋਗ ਹੈ ਕਿ ਆਪ ਤੋਂ ਅਸਤੀਫ਼ਾ ਦੇਣ ਦੇ ਬਾਅਦ ਵਿਧਾਨ ਸਭਾ 'ਚ ਖਹਿਰਾ ਦੀ ਮੈਂਬਰਸ਼ਿਪ ਸਪੀਕਰ ਤੇ ਕੇਜਰੀਵਾਲ ਦੀ ਮਰਜ਼ੀ 'ਤੇ ਨਿਰਭਰ ਹੈ।

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੋਂ ਆਪ ਵਿਚ ਸ਼ੁਰੂ ਹੋਈ ਜੰਗ ਅਜੇ ਵੀ ਜਾਰੀ ਹੈ। ਦਿੱਲੀ ਤੇ ਪੰਜਾਬ ਵਿਚਕਾਰ ਲੀਡਰਸ਼ਿਪ ਤੇ ਵੱਕਾਰ ਦੀ ਲੜਾਈ ਵਿਚ ਉਲਝੀ ਆਪ ਦਾ ਵਿਵਾਦ ਲੋਕ ਸਭਾ ਚੋਣਾਂ ਤਕ ਵੀ ਜਾਰੀ ਰਹਿਣ ਦੀ ਉਮੀਦ ਹੈ। ਵਿਧਾਨ ਸਭਾ ਚੋਣਾਂ ਦੇ ਬਾਅਦ ਪੰਜਾਬ 'ਚੋਂ ਸਾਫ ਹੋ ਚੁੱਕੀ ਆਪ ਦੀ ਨਵੇਂ ਸਿਰੇ ਤੋਂ ਸਿਆਸੀ ਜ਼ਮੀਨ ਤਿਆਰ ਕਰਨ ਦੀ ਜ਼ਿੰਮੇਵਾਰੀ ਕੇਜਰੀਵਾਲ ਨੇ ਮਨੀਸ਼ ਸਿਸੋਦੀਆ ਨੂੰ ਸੌਂਪੀ ਹੈ। ਸਿਸੋਦੀਆ ਅਜੇ ਤਕ ਕੁਝ ਖਾਸ ਨਹੀਂ ਕਰ ਸਕੇ ਹਨ। ਫਿਲਹਾਲ ਗੁਰਦਾਸਪੁਰ ਲੋਕ ਸਭਾ ਉਪ ਚੋਣ ਤੇ ਸ਼ਾਹਕੋਟ ਵਿਧਾਨ ਸਭਾ ਉਪ ਚੋਣ 'ਚ ਹਾਰ ਦਾ ਸਿਹਰਾ ਆਪਣੇ ਸਿਰ ਜ਼ਰੂਰ ਲੈ ਚੁੱਕੇ ਹਨ।

ਸਿਸੋਦੀਆ ਦੇ ਹੱਥਾਂ ਵਿਚ ਪੰਜਾਬ ਦੀ ਕਮਾਨ ਆਉਣ ਦੇ ਬਾਅਦ ਪਾਰਟੀ ਨੂੰ ਕੋਈ ਖਾਸਾ ਫਾਇਦਾ ਤਾ ਨਹੀਂ ਹੋਇਆ ਪਰ ਖਹਿਰਾ ਜਿਹੇ ਕੱਦਾਵਰ ਆਗੂ ਕੇਜਰੀਵਾਲ ਦੇ ਸਿਆਸੀ ਦੁਸ਼ਮਣ ਜ਼ਰੂਰ ਬਣ ਗਏ ਹਨ। ਖਹਿਰਾ ਆਪਣੀ ਪਾਰਟੀ ਨੂੰ ਜ਼ਿਲ੍ਹਾ ਪੱਧਰ 'ਤੇ ਮਜ਼ਬੂਤ ਕਰਨ ਲਈ ਜ਼ਿਲ੍ਹਾ ਕਾਰਜਕਾਰਨੀ ਦੇ ਗਠਨ 'ਚ ਜੁਟੇ ਹਨ। ਉਨ੍ਹਾਂ ਦੇ ਨਾਲ ਆਪ ਦੇ ਸਾਰੇ ਵਰਕਰ ਵੀ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ।

ਆਪ ਦੇ ਵੋਟ ਬੈਂਕ 'ਚ ਲਾਈ ਸੰਨ੍ਹ

ਖਹਿਰਾ ਆਪ ਦੇ ਵੋਟ ਬੈਂਕ ਵਿਚ ਸੰਨ੍ਹ ਲਾ ਰਹੇ ਹਨ। ਵਿਦੇਸ਼ ਵਿਚ ਬੈਠੇ ਆਪ ਸਮਰਥਕ ਪੰਜਾਬੀਆਂ ਨੂੰ ਵੀ ਉਹ ਆਪਣੇ ਨਾਲ ਰਲ਼ਾ ਸਕਦੇ ਹਨ। ਕੇਜਰੀਵਾਲ ਜੇਕਰ ਵਿਧਾਨ ਸਭਾ ਵਿਚ ਖਹਿਰਾ ਦੀ ਮੈਂਬਰਸ਼ਿਪ ਰੱਦ ਕਰਵਾਉਣ ਦੀ ਕਾਰਵਾਈ ਕਰਦੇ ਹਨ ਤਾਂ ਖਹਿਰਾ ਲੋਕ ਸਭਾ ਚੋਣਾਂ ਵਿਚ ਇਸ ਮੁੱਦੇ ਨੂੰ ਲੈ ਕੇ ਪੰਜਾਬ ਤੋਂ ਵਿਦੇਸ਼ ਤਕ ਲੋਕਾਂ ਨੂੰ ਆਪਣੇ ਨਾਲ ਜੋੜ ਸਕਦੇ ਹਨ। ਖਹਿਰਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਵਿਧਾਇਕ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ।

ਕੇਜਰੀਵਾਲ ਨੂੰ ਇਨ੍ਹਾਂ ਮੁੱਦਿਆਂ 'ਤੇ ਘੇਰਣ ਦੀ ਤਿਆਰੀ

ਰਣਨੀਤੀ ਮੁਤਾਬਕ ਖਹਿਰਾ ਅਰਵਿੰਦ ਕੇਜਰੀਵਾਲ ਨੂੰ ਪਹਿਲਾਂ ਦਿੱਲੀ ਵਿਚ ਉਨ੍ਹਾਂ ਦੇ ਕਿਲ੍ਹੇ ਵਿਚ ਵੜ ਕੇ ਘੇਰਣਗੇ। ਮੁੱਦਾ ਹੋਵੇਗਾ ਕੀ ਪੰਜਾਬ ਵਿਚ ਬੇਅਦਬੀ ਦੇ ਮਾਮਲੇ ਵਿਚ ਆਪ ਦਾ ਸਟੈਂਡ ਕੀ ਰਿਹਾ? ਇਸ ਮਾਮਲੇ ਵਿਚ ਆਪ ਕਾਂਗਰਸ ਨੂੰ ਘੇਰਨ ਤੋਂ ਕਿਉਂ ਪਿੱਛੇ ਹੱਟ ਰਹੀ ਹੈ? ਕਿਉਂ ਕੇਜਰੀਵਾਲ ਅਕਾਲੀ ਦਲ ਦੇ ਕਰੀਬੀ ਰਿਟਾ. ਜਸਟਿਸ ਜੋਰਾ ਸਿੰਘ ਨੂੰ ਪਾਰਟੀ ਵਿਚ ਲੈ ਕੇ ਆਏ? ਇਨ੍ਹਾਂ ਸਵਾਲਾਂ ਦੇ ਚੱਕਰਵਿਊ 'ਚ ਕੇਜਰੀਵਾਲ ਨੂੰ ਘੇਰਨ ਲਈ ਖਹਿਰਾ ਤਿਆਰ ਹਨ।