ਜਾਗਰਣ ਸੰਵਾਦਦਾਤਾ, ਜਲੰਧਰ : ਨਗਰ ਨਿਗਮ ਹਾਊਸ ਦੀ ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ ਟਾਲ਼ ਦਿੱਤੀ ਗਈ ਹੈ। ਐੱਲਈਡੀ ਪ੍ਰਰਾਜੈਕਟ 'ਚ ਗੜਬੜੀਆਂ ਦੇ ਦੋਸ਼ ਸਾਹਮਣੇ ਆਉਣ ਮਗਰੋਂ ਮੇਅਰ ਜਗਦੀਸ਼ ਰਾਜਾ ਨੇ ਸਿਰਫ ਇਸੇ ਮੁੱਦੇ 'ਤੇ ਚਰਚਾ ਲਈ ਹਾਊਸ ਸੱਦਿਆ ਸੀ ਪਰ ਇਸ ਨੂੰ ਦੋ ਵਾਰ ਟਾਲ ਦਿੱਤਾ ਗਿਆ ਹੈ। ਇਸ ਵਾਰ ਬੈਠਕ ਰੱਦ ਕਰਨ ਦਾ ਕਾਰਨ ਸੀਨੀਅਰ ਕਾਂਗਰਸੀ ਆਗੂ ਤੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਮਨੋਜ ਅਰੋੜਾ ਦਾ ਦੇਹਾਂਤ ਹੈ। ਉਥੇ ਬੈਠਕ ਟਾਲ਼ਣ 'ਤੇ ਸਿਆਸਤ ਤੇਜ਼ ਹੋ ਗਈ ਹੈ ਤੇ ਕਾਂਗਰਸ ਦੋ ਧਿਰਾਂ 'ਚ ਵੰਡੀ ਗਈ ਹੈ। ਇਸ ਪ੍ਰਰਾਜੈਕਟ ਨੂੰ ਲੈ ਕੇ ਮੇਅਰ ਹੀ ਹੁਣ ਦੋਸ਼ਾਂ 'ਚ ਦਾਇਰੇ 'ਚ ਹਨ। ਕਾਂਗਰਸ ਦੇ ਵਾਰਡ ਨੰ. 8 ਤੋਂ ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ ਤੇ ਵਾਰਡ ਨੰ. 58 ਤੋਂ ਕੌਂਸਲਰ ਰਾਜਵਿੰਦਰ ਸਿੰਘ ਰਾਜਾ ਨੇ ਪ੍ਰਰੈੱਸ ਕਾਨਫਰੰਸ 'ਚ ਦੋਸ਼ ਲਾਇਆ ਹੈ ਕਿ ਇਸ ਪ੍ਰਰਾਜੈਕਟ 'ਚ ਇਕ ਨਹੀਂ ਕਈ ਗੜਬੜੀਆਂ ਹਨ ਤੇ ਸਿੱਧੇ ਤੌਰ 'ਤੇ ਕਹੀਏ ਤਾਂ ਮੇਅਰ ਜਗਦੀਸ਼ ਰਾਜਾ ਹੀ ਇਸ ਲਈ ਜ਼ਿੰਮੇਵਾਰ ਹਨ। ਉਨ੍ਹਾਂ ਨੇ ਕਿਹਾ ਕਿ ਸਮਾਰਟ ਸਿਟੀ ਕੰਪਨੀ ਦੇ ਇਸ ਪ੍ਰਰਾਜੈਕਟ 'ਤੇ ਕੰਮ ਕਰਨ ਰਹੀ ਠੇਕੇ ਲੈਣ ਵਾਲੀ ਕੰਪਨੀ ਨੇ ਕਰਾਰਨਾਮੇ ਮੁਤਾਬਕ ਕੰਮ ਨਹੀਂ ਕੀਤਾ। ਪਿਛਲੀ ਹਾਊਸ ਦੀ ਮੀਟਿੰਗ 'ਚ ਜਦੋਂ ਕੌਂਸਲਰਾਂ ਦੀ ਨਾਰਾਜ਼ਗੀ ਵਧੀ ਤਾਂ ਮੇਅਰ ਨੇ ਹਾਊਸ ਦੀ ਮੀਟਿੰਗ 'ਚ ਇਸ 'ਤੇ ਚਰਚਾ ਦਾ ਫ਼ੈਸਲਾ ਲਿਆ। ਹੁਣ ਜਿਸ ਤਰ੍ਹਾਂ ਹਾਊਸ ਨੂੰ ਵਾਰ-ਵਾਰ ਅੱਗੇ ਵਧਾਇਆ ਜਾ ਰਿਹਾ ਹੈ ਉਸ ਤੋਂ ਸਾਫ ਹੈ ਕਿ ਮੇਅਰ ਸਮਾਰਟ ਸਿਟੀ ਦੇ ਅਫਸਰਾਂ ਤੇ ਠੇਕੇਦਾਰ ਨੂੰ ਇੰਨਾ ਸਮਾਂ ਦੇ ਰਹੇ ਹਨ ਕਿ ਉਹ ਪ੍ਰਰਾਜੈਕਟ 'ਚ ਹੋਈ ਗੜਬੜੀਆਂ ਨੂੰ ਦੂਰ ਕਰ ਲੈਣ। ਸਾਬਕਾ ਵਿਧਾਇਕ ਰਾਜਿੰਦਰ ਬੇਰੀ ਦੇ ਕਰੀਬੀ ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ ਨੇ ਕਿਹਾ ਕਿ ਮੇਅਰ ਸਮਾਰਟ ਸਿਟੀ ਦੇ ਡਾਇਰੈਕਟਰ ਹਨ ਤੇ ਇਸ ਅਹੁਦੇ ਦੇ ਨਾਤੇ ਉਹ ਕਿਤੇ ਵੀ ਪ੍ਰਰਾਜੈਕਟ ਦਾ ਰੀਵਿਊ ਕਰ ਸਕਦੇ ਹਨ ਪਰ ਉਨ੍ਹਾਂ ਨੇ ਇਕ ਵਾਰ ਅਜਿਹਾ ਨਹੀਂ ਕੀਤਾ। ਠੇਕੇਦਾਰ ਨੇ ਹੋਰ ਮੋਹਲਤ ਲਈ ਹੈ। ਹਾਲੇ ਵੀ ਕਈ ਕੰਮ ਪੈਂਡਿੰਗ ਹਨ।

---

43 ਕਰੋੜ ਤੋਂ 62 ਕਰੋੜ ਦਾ ਹੋਇਆ ਪ੍ਰਰਾਜੈਕਟ

ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ ਤੇ ਕੌਂਸਲਰ ਰਾਜਿੰਦਰ ਸਿੰਘ ਰਾਜਾ ਨੇ ਕਿਹਾ ਕਿ ਹਾਊਸ ਮੀਟਿੰਗ ਲਈ ਜਾਰੀ ਏਜੰਡੇ 'ਚ ਸਮਾਰਟ ਸਿਟੀ ਕੰਪਨੀ ਦੇ ਹਵਾਲੇ ਨਾਲ ਜੋ ਵੇਰਵਾ ਦਿੱਤਾ ਗਿਆ ਹੈ ਉਸ 'ਚ ਪ੍ਰਰਾਜੈਕਟ ਦੀ ਕੁਲ ਕੀਮਤ 43 ਕਰੋੜ ਦੱਸੀ ਗਈ ਹੈ ਪਰ ਅਸਲੀਅਤ 'ਚ ਇਹ ਪ੍ਰਰਾਜੈਕਟ ਹੁਣ 62 ਕਰੋੜ ਦਾ ਹੋ ਚੁੱਕਾ ਹੈ। ਖਹਿਰਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਸਮਾਰਟ ਸਿਟੀ ਕੰਪਨੀ ਨੇ ਠੇਕੇਦਾਰ ਨੂੰ ਮੋਟੀ ਰਕਮ ਵੀ ਜਾਰੀ ਕਰ ਦਿੱਤੀ ਹੈ, ਜਦਕਿ ਓਨਾ ਕੰਮ ਨਹੀਂ ਹੋਇਆ।

---

11 ਪਿੰਡਾਂ 'ਚ ਘੱਟ ਵਾਟ ਦੀਆਂ ਲਾਈਟਾਂ ਲਾਉਣ ਦਾ ਦੋਸ਼

ਕਾਂਗਰਸੀ ਕੌਂਸਲਰਾਂ ਦਾ ਦੋਸ਼ ਹੈ ਕਿ ਨਿਗਮ ਦੀ ਹੱਦ 'ਚ ਆਏ ਛਾਉਣੀ ਦੇ 11 ਪਿੰਡਾਂ 'ਚ ਲਾਈਆਂ ਗਈਆਂ ਐੱਲਈਡੀ ਵੀ ਟੈਂਡਰ ਮੁਤਾਬਕ ਨਹੀਂ ਹੈ। ਇਨ੍ਹਾਂ ਪਿੰਡਾਂ 'ਚ 35 ਵਾਟ ਦੀਆਂ 2036 ਤੇ 70 ਵਾਟ ਦੀਆਂ 56 ਲਾਈਟਾਂ ਲੱਗਣੀਆਂ ਸਨ ਪਰ ਰਿਕਾਰਡ ਮੁਤਾਬਕ 18 ਵਾਟ ਦੀਆਂ 1683, 35 ਦੀਆਂ 483 ਤੇ 70 ਵਾਟ ਦੀਆਂ 56 ਲਾਈਟਾਂ ਲਾਈਆਂ ਗਈਆਂ ਹਨ। 18 ਵਾਟ ਦੀ ਇਕ ਵੀ ਲਾਈਟ ਨਹੀਂ ਲਾਉਣੀ ਸੀ ਪਰ 80 ਫ਼ੀਸਦੀ ਲਾਈਟਾਂ 18 ਵਾਟ ਦੀਆਂ ਲਾਈਆਂ ਗਈਆਂ ਹਨ।

---

60 ਹਜ਼ਾਰ ਪੁਰਾਣੀਆਂ ਲਾਈਟਾਂ ਕਿਥੇ ਗਈਆਂ

ਦੋਵਾਂ ਨੇ ਕਿਹਾ ਕਿ ਸ਼ਹਿਰ 'ਚ 60 ਹਜ਼ਾਰ ਸੋਡੀਅਮ ਲਾਈਟਾਂ ਲੱਗੀਆਂ ਸਨ ਪਰ ਹੁਣ ਇਹ ਲਾਈਟਾਂ ਕਿਥੇ ਹਨ ਇਸ ਦਾ ਕੁਝ ਪਤਾ ਨਹੀਂ। ਐੱਲਈਡੀ ਲਾਈਟਾਂ ਲਈ ਪੁਰਾਣੀ ਠੇਕਾ ਕੰਪਨੀ ਪੀਐੱਚਪੀ ਨੂੰ ਇਹ ਲਾਈਟਾਂ ਦੇਣ ਦਾ ਕਰਾਰ ਹੋਇਆ ਸੀ ਪਰ ਠੇਕਾ ਰੱਦ ਹੋਣ ਤੋਂ ਬਾਅਦ ਪੁਰਾਣੀਆਂ ਲਾਈਟਾਂ ਦਾ ਠੇਕਾ ਵੀ ਆਪਣੇ-ਆਪ ਖਤਮ ਹੋ ਗਿਆ ਸੀ।

---

ਜਾਂਚ ਲਈ ਕੌਂਸਲਰਾਂ ਦੀ ਕਮੇਟੀ ਬਣਾਈ ਜਾਵੇ

ਦੋਵਾਂ ਨੇ ਕਿਹਾ ਕਿ ਪ੍ਰਰਾਜੈਕਟ ਦੀ ਜਾਂਚ ਲਈ ਕੌਂਸਲਰਾਂ ਦੀ ਕਮੇਟੀ ਬਣਾਈ ਜਾਵੇ। ਇਸ 'ਚ ਨਿਗਮ ਤਹਿਤ ਸ਼ਹਿਰ ਦੇ ਚਾਰੇ ਤੇ ਕਰਤਾਰਪੁਰ-ਆਦਮਪੁਰ ਵਿਧਾਨ ਸਭਾ 'ਚ ਆਉਂਦੇ ਇਲਾਕੇ ਦੇ ਕੌਂਸਲਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਕਮੇਟੀ ਜੋ ਰਿਪੋਰਟ ਦੇਵੇਗੀ ਉਸ ਨੂੰ ਹਾਊਸ 'ਚ ਰੱਖਿਆ ਜਾਵੇ ਤੇ ਫੈਸਲਾ ਵੀ ਉਥੇ ਹੀ ਹੋਵੇ। ਇਹ ਵੀ ਮੰਗ ਕੀਤੀ ਕਿ ਐੱਲਈਡੀ ਪ੍ਰਰਾਜੈਕਟ 'ਤੇ ਤੀਜੀ ਧਿਰ ਦੀ ਮੁਆਇਨਾ ਰਿਪੋਰਟ ਵੀ ਜਨਤਕ ਕੀਤੀ ਜਾਵੇ।

---

ਕੰਪਨੀ ਤੋਂ ਰਿਕਾਰਡ ਮੰਗਿਆ, ਹਾਊਸ 'ਚ ਸਭ ਸਾਫ਼ ਹੋ ਜਾਵੇਗਾ : ਮੇਅਰ

ਮੇਅਰ ਜਗਦੀਸ਼ ਰਾਜਾ ਨੇ ਆਪਣੀ ਹੀ ਪਾਰਟੀ ਦੇ ਕੌਂਸਲਰਾਂ ਦੇ ਦੋਸ਼ਾਂ 'ਤੇ ਕੋਈ ਜਵਾਬ ਨਹੀਂ ਦਿੱਤਾ ਹੈ ਤੇ ਕਿਹਾ ਕਿ ਐੱਲਈਡੀ ਪ੍ਰਰਾਜੈਕਟ 'ਚ ਸਮਾਰਟ ਸਿਟੀ ਕੰਪਨੀ ਤੇ ਠੇਕੇਦਾਰ ਤੋਂ ਪੂਰਾ ਰਿਕਾਰਡ ਮੰਗਿਆ ਹੈ। ਹਾਊਸ ਦੀ ਮੀਟਿੰਗ ਪਹਿਲੀ ਜੁਲਾਈ ਨੂੰ ਹੋਵੇਗੀ ਤੇ ਉਸ 'ਚ ਸਭ ਕੁਝ ਸਾਫ ਹੋ ਜਾਵੇਗਾ।