ਮਨਜੀਤ ਸ਼ੇਮਾਰੂ, ਜਲੰਧਰ : ਗਿਆਰ੍ਹਵੀਂ ਦੇ ਵਿਦਿਆਰਥੀ ਕੇਸ਼ਵ ਗਰਗ ਨੇ ਆਪਣੇ ਡਾਕਟਰ ਮਾਤਾ-ਪਿਤਾ ਨੂੰ ਅਣਜਾਣੇ ਵਿਚ ਹੀ ਅਜਿਹਾ ਸੁਝਾਅ ਦਿੱਤਾ, ਜੋ ਕਿ ਬਹੁਤ ਸਾਰੇ ਪੇਚੀਦਾ ਆਪੇ੍ਸ਼ਨਾਂ ਵਿਚ ਬਹੁਤ ਪ੍ਰਭਾਵੀ ਸਿੱਧ ਹੋਇਆ। ਉਸ ਨੇ ਸੁਝਾਇਆ ਕਿ ਬੱਚੇਦਾਨੀ ਦੇ ਜਿਨ੍ਹਾਂ ਆਪ੍ਰਰੇਸ਼ਨਾਂ ਵਿਚ ਬਹੁਤ ਖੂਨ ਵਹਿਣ ਦਾ ਸ਼ੱਕ ਹੁੰਦਾ ਹੈ ਜਾਂ ਖੂਨ ਵਹਿਣ ਲੱਗ ਪੈਂਦਾ ਹੈ ਉਨ੍ਹਾਂ ਆਪ੍ਰਰੇਸ਼ਨਾਂ ਵਿਚ ਇਕ ਕੈਥੀਟਰ ਨਾਲ ਬੱਚੇਦਾਨੀ ਦੀ ਖੂਨ ਦੀਆਂ ਵੱਡੀਆਂ ਨਸਾਂ ਨੂੰ ਬੰਨ੍ਹ ਦਿੱਤਾ ਜਾਵੇ ਤਾਂ ਜੋ ਕੁਝ ਚਿਰ ਲਈ ਖੂਨ ਵਹਿਣਾ ਬੰਦ ਹੋ ਜਾਵੇ। ਅਜਿਹਾ ਕਰਨ ਨਾਲ ਆਪੇ੍ਸ਼ਨ ਦੌਰਾਨ ਖੂਨ ਦਾ ਵਹਿਣਾ ਬਹੁਤ ਘੱਟ ਹੋ ਜਾਂਦਾ ਹੈ ਜਿਸ ਨਾਲ ਆਪੇ੍ਸ਼ਨ ਦਾ ਖਤਰਾ ਵੀ ਘੱਟ ਜਾਂਦਾ ਹੈ ਅਤੇ ਜ਼ਿਆਦਾ ਖੂਨ ਚੜ੍ਹਾਉਣ ਦੀ ਜ਼ਰੂਰਤ ਨਹੀਂ ਹੁੰਦੀ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਕੇਸ਼ਵ ਗਰਗ ਦੇ ਮਾਤਾ ਡਾ. ਨਿਧੀ ਗਰਗ ਇਕ ਸਫਲ ਗਾਇਨੀ ਸਰਜਨ ਹਨ ਅਤੇ ਪਿਤਾ ਡਾ. ਲਲਿਤ ਰਾਜ ਗਰਗ ਬੇਹੋਸ਼ੀ ਤੇ ਆਈਸੀਯੂ ਦੇ ਮਾਹਿਰ ਹਨ। ਕੇਸ਼ਵ ਦੀ ਮਾਤਾ ਡਾ. ਨਿਧੀ ਗਰਗ ਨੇ ਆਪਣੇ 300 ਤੋਂ ਵੀ ਜ਼ਿਆਦਾ ਆਪੇ੍ਸ਼ਨਾਂ ਵਿਚ ਇਸ ਤਕਨੀਕ ਦਾ ਸਫਲ ਇਸਤੇਮਾਲ ਕੀਤਾ ਹੈ। ਇਸ ਤਕਨੀਕ ਨੂੰ ਉਨ੍ਹਾਂ ਨੇ 'ਕੇਸ਼ਵ ਤਕਨੀਕ' ਦਾ ਨਾਂ ਦਿੱਤਾ ਹੈ। ਕੇਸ਼ਵ ਗਰਗ ਦਾ ਰੁਝਾਅ ਇਕ ਸਾਇੰਟਿਸਟ ਬਣਨ ਵੱਲ ਹੈ ਅਤੇ ਹਾਲ ਵਿਚ ਹੀ ਉਸ ਨੇ ਦਸਵੀਂ ਜਮਾਤ ਵਿਚ 96.6% ਅੰਕ ਲੈ ਕੇ ਅਤੇ ਗਣਿਤ ਤੇ ਵਿਗਿਆਨ ਵਿਚ 100% ਨੰਬਰ ਲੈ ਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ।