ਜੇਐੱਨਐੱਨ, ਕਰਤਾਰਪੁਰ : ਸਥਾਨਕ ਸ਼ਿਵ ਮੰਦਰ, ਪਾਂਧੀਆ ਬਾਜ਼ਾਰ ਦੇ ਪੰਡਤ ਪ੍ਰਭੂਨਾਥ ਦਾ ਪੁੱਥਰ ਕੁਝ ਸਾਲ ਪਹਿਲਾਂ ਜੌਰਡਨ ਦੇਸ਼ ਗਿਆ ਸੀ। ਉੱਥੇ ਉਸ ਨਾਲ ਹਾਦਸਾ ਵਾਪਰ ਗਿਆ ਸੀ। ਇਕ ਮਹੀਨੇ ਤੋਂ ਉਹ ਉੱਥੋਂ ਦੇ ਹਸਪਤਾਲ 'ਚ ਜ਼ੇਰੇ ਇਲਾਜ ਹੈ। ਜੌਰਡਨ ਦੀ ਸਰਕਾਰ ਇਲਾਜ ਖ਼ਰਚ 2500 ਜੌਰਡੇਨੀਅਨ ਡਾਲਰ (ਲਗਪਗ ਢਾਈ ਲੱਖ ਰੁਪਏ) ਜਮ੍ਹਾਂ ਕਰਵਾਉਣ ਲਈ ਕਹਿ ਰਹੀ ਹੈ। ਇਸ ਕਾਰਨ ਉਨ੍ਹਾਂ ਦਾ ਬੇਟਾ ਜੌਰਡਨ ਤੇ ਮਾਤਾ-ਪਿਤਾ ਕਰਤਾਰਪੁਰ 'ਚ ਕਾਫ਼ੀ ਪਰੇਸ਼ਾਨੀ 'ਚ ਹਨ। ਮਾਪਿਆਂ ਨੇ ਕੇਂਦਰ ਸਰਕਾਰ ਨੂੰ ਜ਼ਖ਼ਮੀ ਬੇਟੇ ਦੇ ਇਲਾਜ 'ਚ ਮਦਦ ਕਰਨ ਤੇ ਉਸ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ।

ਪੰਡਤ ਪ੍ਰਭੂਨਾਥ ਨਿਵਾਸੀ ਆਰੀਆ ਨਗਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਵਿਵੇਕ ਬੀਤੇ ਵਰ੍ਹੇ ਜੌਰਡਨ ਕੰਮ ਕਰਨ ਗਿਆ ਸੀ। 6 ਨਵੰਬਰ 2019 ਨੂੰ ਉੱਥੇ ਖ਼ਤਰਨਾਕ ਹਾਦਸਾ ਵਾਪਰ ਗਿਆ ਜਿਸ ਵਿਚ ਉਹ ਜ਼ਖ਼ਮੀ ਹੋ ਗਿਆ ਸੀ। ਪੁਲਿਸ ਨੇ ਉਸ ਨੂੰ ਇਲਾਜ ਲਈ ਉੱਥੋਂ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ। ਹੁਣ ਉੱਥੋਂ ਦੀ ਸਰਕਾਰ ਵੱਲੋਂ ਸੰਦੇਸ਼ ਆ ਰਿਹਾ ਹੈ ਕਿ ਹਸਪਤਾਲ 'ਚ 2500 ਜੌਰਡੇਨੀਅਨ ਡਾਲਰ ਦਾ ਬਿੱਲ ਬਣਿਆ ਹੈ। ਉਹ ਇਸ ਨੂੰ ਜਮ੍ਹਾਂ ਕਰਵਾਉਣ ਦੀ ਗੱਲ ਕਰ ਰਹੇ ਹਨ। ਉਸ ਤੋਂ ਬਾਅਦ ਉਸ ਨੂੰ ਭਾਰਤ ਜਾਣ ਦਿੱਤਾ ਜਾਵੇਗਾ। ਭਾਰਤ ਲਿਆਉਣ ਵੀ ਲਗਪਗ 75 ਹਜ਼ਾਰ ਰੁਪਏ ਦਾ ਖ਼ਰਚ ਆਵੇਗਾ।

ਪਿਤਾ ਬੋਲੇ- ਇੰਨੇ ਪੈਸੇ ਦੇਣੇ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ

ਪੰਡਤ ਪ੍ਰਭੂਨਾਥ ਨੇ ਦੱਸਿਆ ਕਿ ਉਹ ਸ਼ਿਵ ਮੰਦਰ 'ਚ ਪੂਜਾ ਕਰ ਕੇ ਆਪਣਾ ਪੇਟ ਪਾਲ਼ਦੇ ਹਨ। ਇੰਨੇ ਪੈਸੇ ਦੇਣੇ ਉਨ੍ਹਾਂ ਲਈ ਨਾਮੁਮਕਿਨ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਇਸ ਮਾਮਲੇ 'ਚ ਦਖ਼ਲ ਦੇ ਕੇ ਹਸਪਤਾਲ ਦਾ ਬਿੱਲ ਮਾਫ਼ ਕਰਵਾਉਣ ਤੇ ਪੁੱਤਰ ਨੂੰ ਭਾਰਤ ਭੇਜਣ ਦਾ ਇੰਤਜ਼ਾਮ ਕਰਵਾਉਣ ਦੀ ਅਪੀਲ ਕੀਤੀ ਹੈ।

Posted By: Seema Anand