ਜਨਕ ਰਾਜ ਗਿੱਲ, ਕਰਤਾਰਪੁਰ : ਨਸ਼ਿਆਂ ਕਾਰਨ ਸਮਾਜ ਵਿਚ ਆ ਰਹੀ ਗਿਰਾਵਟ ਅਤੇ ਨਸ਼ਿਆਂ ਦੀ ਦਲ-ਦਲ ਵਿਚ ਫਸ ਰਹੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਹੀ ਐਂਟੀ ਡਰੱਗ ਸੁਸਾਇਟੀ ਦਾ ਮੁੱਖ ਮਕਸਦ ਹੈ। ਅੱਜ ਸਮੇਂ ਦੀ ਮੰਗ ਵੀ ਬਣ ਚੁੱਕਾ ਹੈ। ਇਹ ਪ੍ਰਗਟਾਵਾ ਜਥੇਦਾਰ ਭਗਵੰਤ ਸਿੰਘ ਫਤਿਹ ਜਲਾਲ ਨੇ ਕਰਤਾਰਪੁਰ 'ਚ ਪੰਜਾਬੀ ਜਾਗਰਣ ਨਾਲ ਗੱਲਬਾਤ ਦੌਰਾਨ ਕੀਤਾ।

ਉਨ੍ਹਾਂ ਦੱਸਿਆ ਕਿ ਨਸ਼ਾ ਮਾਫੀਆ ਸਕੂਲਾਂ ਕਾਲਜਾਂ, ਪਿੰਡਾਂ ਅਤੇ ਸ਼ਹਿਰਾਂ ਵਿਚ 12-13 ਸਾਲ ਦੀ ਉਮਰ ਤੋਂ ਲੈ ਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ-ਦਲ 'ਚ ਧੱਕ ਰਿਹਾ ਹੈ ਪਰ ਸਰਕਾਰਾਂ ਨਸ਼ਾ ਖਾਤਮੇ ਦੀ ਦੁਹਾਈ 'ਤੇ ਹੀ ਸਿਆਸਤ ਕਰ ਰਹੀਆਂ ਹਨ, ਜਦਕਿ ਅੱਜ ਹਾਲਾਤ ਪਹਿਲਾਂ ਨਾਲੋਂ ਵੀ ਖਰਾਬ ਹੋ ਚੁੱਕੇ ਹਨ। ਨੌਜਵਾਨੀ ਦੇ ਹਿੱਤਾਂ ਤੇ ਸੂਬਾ ਖੁਸ਼ਹਾਲ ਬਣਾਉਣ ਦੇ ਮੁੱਖ ਟੀਚੇ ਨੂੰ ਰੱਖਦੇ ਹੋਏ ਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਕੋਹੜ ਤੋਂ ਦੂਰ ਰੱਖਣ ਲਈ ਹੀ ਸੁਸਾਇਟੀ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ, ਜੋ ਨਸ਼ਿਆਂ ਦੇ ਮਕੜ ਜਾਲ 'ਚ ਫਸੇ ਨੌਜਵਾਨਾਂ ਨੂੰ ਜਾਗਰੂਕ ਕਰਨ 'ਚ ਪਹਿਲ ਕਦਮੀ ਵੀ ਕਰੇਗੀ ਪਹਿਲ ਦੇ ਆਧਾਰ 'ਤੇ ਸੁਸਾਇਟੀ ਸਕੂਲਾਂ, ਕਾਲਜਾਂ ਅਤੇ ਪਿੰਡਾਂ-ਸ਼ਹਿਰਾਂ ਵਿਚ ਜਾ ਕੇ ਸੈਮੀਨਾਰਾਂ ਦੇ ਮਾਧਿਅਮ ਨਾਲ ਨੌਜਵਾਨਾ ਨੂੰ ਜਾਗਰੂਕ ਕਰੇਗੀ।

ਇਸ ਮੌਕੇ ਸਰਬਸੰਮਤੀ ਨਾਲ ਕਰਤਾਰਪੁਰ ਐਂਟੀ ਡਰੱਗ ਸੁਸਾਇਟੀ ਦਾ ਗਠਨ ਕੀਤਾ ਗਿਆ। ਇਸ ਦੇ ਪ੍ਰਧਾਨ ਭਗਵੰਤ ਸਿੰਘ ਫਤਿਹਜਲਾਲ ਨੂੰ ਸਰਬਸੰਮਤੀ ਨਾਲ ਬਣਾਇਆ ਗਿਆ। ਹੀਰਾ ਸਿੰਘ ਸੈਕਟਰੀ, ਮਨਜਿੰਦਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਮੀਤ ਪ੍ਰਧਾਨ ਤੇ ਗੁਰਨਿਸ਼ਾਨ ਸਿੰਘ ਚੁਣੇ ਗਏ।